ਅੰਦਰਲੀ ਗੱਲ: ਫਿਰ ਤੋਂ ਗੋਰੇ ਤੇ ਭੂਰਿਆਂ ਦਾ ਗ਼ੁਲਾਮ ਹੋਵੇਗਾ ਭਾਰਤ!!(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 10 2020 12:45
Reading time: 2 mins, 18 secs

ਜਿਹੜੇ ਗੋਰਿਆਂ ਨੂੰ ਭਾਰਤੀ ਇਨਕਲਾਬੀਆਂ ਨੇ ਧੱਕੇ ਮਾਰ ਕੇ ਦੇਸ਼ ਦੇ ਵਿੱਚੋਂ ਬਾਹਰ ਕੱਢ ਕੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਕਰਵਾਇਆ ਸੀ, ਉਹ ਗੋਰੇ ਹੁਣ ਫਿਰ ਤੋਂ ਭਾਰਤ ਵੱਲ ਨੂੰ ਰੁਖ ਕਰਨ ਦੀ ਤਿਆਰੀ ਵਿੱਚ ਜਾਪ ਰਹੇ ਹਨ। ਜਦੋਂ ਭਾਰਤ ਗੋਰਿਆਂ ਦਾ ਗ਼ੁਲਾਮ ਹੋਇਆ ਸੀ, ਉਦੋਂ ਵੀ ਗੋਰੇ ਵਿਦੇਸ਼ੀ ਕੰਪਨੀਆਂ ਲੈ ਕੇ ਭਾਰਤ ਪੁੱਜੇ ਸਨ ਅਤੇ ਇੱਥੇ ਆ ਕੇ ਭਾਰਤੀਆਂ ਦੇ ਹੀ ਮਾਲਕ ਬਣ ਬੈਠੇ ਸਨ। ਸ਼ੈਤਾਨ ਦਿਮਾਗਾਂ ਵਾਲੇ ਗੋਰਿਆਂ ਦੇ ਨਾਲ ਕੁੱਝ ਭਾਰਤੀ ਸਿਆਸਤਦਾਨਾਂ ਨੇ ਵੀ ਹੱਥ ਮਿਲਾਏ ਹੋਏ ਸਨ, ਜੋ ਭਾਰਤ ਨੂੰ ਬਰਬਾਦ ਕਰੀ ਜਾ ਰਹੇ ਸਨ।

ਗੋਰੇ ਭਾਵੇਂ ਹੀ ਸਾਡੇ ਦੇਸ਼ ਦੇ ਵਿੱਚੋਂ 74 ਸਾਲ ਪਹਿਲੋਂ ਚਲੇ ਗਏ ਸਨ, ਪਰ ਗੋਰਿਆਂ ਦੀ ਸੋਚ ਹਾਲੇ ਵੀ ਸਾਡੇ ਦੇਸ਼ 'ਤੇ ਰਾਜ ਕਰ ਰਹੀ ਹੈ। 47 ਤੋਂ ਮਗਰੋਂ ਭਾਰਤ ਨੇ ਆਜ਼ਾਦ ਹੋ ਕੇ ਆਪਣੇ ਸਰਕਾਰੀ ਵਿਭਾਗ ਬਣਾਏ ਸਨ ਅਤੇ ਉਨ੍ਹਾਂ ਦੇ ਵਿੱਚ ਆਪਣਾ ਕਾਨੂੰਨ ਚਲਾਇਆ ਸੀ, ਪਰ ਸੱਤਾ 'ਤੇ ਬਦਲ ਰਹੀਆਂ ਸਰਕਾਰਾਂ ਅਤੇ ਹੁਣ ਦੀ ਮੌਜ਼ੂਦਾ ਮੋਦੀ ਹਕੂਮਤ ਨੇ ਆਪਣੇ ਤਰੀਕੇ ਦੇ ਨਾਲ ਸਰਕਾਰੀ ਵਿਭਾਗਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਉਪਰਾਲਾ ਜੋ ਸ਼ੁਰੂ ਕੀਤਾ ਹੈ, ਉਹ ਇੱਕ ਦਿਨ ਭਾਰਤ ਨੂੰ ਫਿਰ ਤੋਂ ਗੋਰਿਆਂ ਤੇ ਭੂਰਿਆਂ ਦਾ ਸਾਨੂੰ ਗ਼ੁਲਾਮ ਬਣਾ ਦੇਵੇਗਾ।

ਲੰਘੇ ਦਿਨ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਕੰਪਨੀਆਂ ਨੂੰ ਇੰਨੀ ਖੁੱਲ ਦੇ ਦਿੱਤੀ ਕਿ ਉਹ ਭਾਰਤ ਦੇ ਅੰਦਰ ਆਉਣ ਅਤੇ ਇੱਥੇ ਨਿਵੇਸ਼ ਕਰਨ। ਮੋਦੀ ਦੇ ਵੱਲੋਂ ਸਲਾਨਾ ਇਨਵੈਸਟ ਇੰਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਦਾਖ਼ਲ ਹੋਣਗੀਆਂ, ਜੋ ਭਾਰਤ ਨੂੰ ਬੁਲੰਦੀਆਂ ਤੱਕ ਪਹੁੰਚਾ ਦੇਣਗੀਆਂ। ਦਰਅਸਲ, ਮੋਦੀ ਨੇ ਖੇਤੀਬਾੜੀ ਸੈਕਟਰ ਵਿੱਚ ਸਰਕਾਰ ਦੁਆਰਾ ਹਾਲ ਹੀ 'ਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਇਹ ਗੱਲਾਂ ਆਖੀਆਂ।

ਕਿਸਾਨਾਂ ਦੀਆਂ ਮੰਗਾਂ ਨੂੰ ਦੁਰਕਿਨਾਰ ਕਰਦਿਆਂ ਹੋਇਆ ਮੋਦੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਦੇ ਭਾਰਤ ਆਉਣ ਦੇ ਨਾਲ ਭਾਰਤ ਵਿੱਚ ਕਾਰੋਬਾਰ ਕਰਨਾ ਆਸਾਨ ਹੋਵੇਗਾ ਤੇ ਇਸ ਨਾਲ ਕਿਸਾਨਾਂ ਨੂੰ ਆਪਣੀ ਮੰਡੀ ਤੈਅ ਕਰਨ ਦਾ ਅਧਿਕਾਰੀ ਮਿਲੇਗਾ। ਮੋਦੀ ਨੇ ਕਿਹਾ ਕਿ ਜੀਵੰਤ ਲੋਕਤੰਤਰ, ਰਾਜਨੀਤਕ ਸਥਿਰਤਾ ਤੇ ਕਾਰੋਬਾਰ ਦੇ ਲਿਹਾਜ ਨਾਲ ਕਈ ਨੀਤੀਆਂ ਨਾਲ ਭਾਰਤ ਵਿਦੇਸ਼ੀ ਨਿਵੇਸ਼ਕਾਂ ਲਈ ਇਨਵੈਸਮੈਂਟ ਦੇ ਲਿਹਾਜ ਨਾਲ ਕਾਫੀ ਢੁੱਕਵੇ ਦੇਸ਼ ਦੇ ਰੂਪ ਵਿੱਚ ਉਭਰੇ ਹਨ। ਮੋਦੀ ਦਾ ਦਾਅਵਾ ਹੈ ਕਿ ਸਰਕਾਰ ਨੇ ਨਿੱਜੀ ਖੇਤਰ ਦੀ ਹਿੱਸੇਦਾਰੀ ਵਧਾਉਣ ਦੇ ਟੀਚੇ ਨਾਲ ਸਿੱਖਿਆ, ਖੇਤੀ ਤੇ ਲੇਬਰ ਸੈਕਟਰ ਵਿੱਚ ਵੱਖ-ਵੱਖ ਸੁਧਾਰਾਂ ਨੂੰ ਲਾਗੂ ਕੀਤਾ ਹੈ।

ਵੇਖਿਆ ਜਾਵੇ ਤਾਂ, ਦੇਸ਼ ਦਾ ਪ੍ਰਧਾਨ ਮੰਤਰੀ ਖ਼ੁਦ ਇਹ ਗੱਲ ਮੰਨ ਰਿਹਾ ਹੈ ਕਿ ਹਾਲ ਹੀ ਵਿੱਚ ਸਿੱਖਿਆ, ਖੇਤੀ ਅਤੇ ਲੇਬਰ ਸੈਕਟਰ ਨੂੰ ਹੁਣ ਸਰਕਾਰ ਨੇ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਹੈ। ਸਿੱਖਿਆ ਦੇਣ ਦੇ ਨਾਂਅ 'ਤੇ ਪਹਿਲੋਂ ਭਾਰਤੀਆਂ ਦੀ ਲੁੱਟ ਹੋ ਰਹੀ ਹੈ।

ਖੇਤੀ ਸੈਕਟਰ ਹੀ ਬਚਿਆ ਸੀ, ਜਿੱਥੋਂ ਅੰਨਦਾਤਾ ਮਾੜਾ ਮੋਟਾ ਕਮਾ ਕੇ ਭਾਰਤ ਵਾਸੀਆਂ ਦਾ ਪੇਟ ਭਰਦਾ ਸੀ, ਹੁਣ ਉਹ ਵੀ ਨਿੱਜੀ ਹੱਥਾਂ ਵਿੱਚ ਚਲਾ ਗਿਆ ਹੈ। ਲੇਬਰ 'ਤੇ ਲੁੱਟ ਪਹਿਲੋਂ ਵੀ ਜਾਰੀ ਸੀ, ਹੁਣ ਵੀ ਜਾਰੀ ਹੈ ਅਤੇ ਜੇਕਰ ਅੰਬਾਨੀਆਂ, ਅੰਡਾਨੀਆਂ ਦੇ ਨਾਲ ਵਿਦੇਸ਼ੀ ਕੰਪਨੀਆਂ ਨੇ ਭਾਰਤ ਵਿੱਚ ਆਪਣੀ ਜਗ੍ਹਾ ਬਣਾ ਲਈ, ਫਿਰ ਇਹ ਸਮੂਹ ਕਾਰਪੋਰੇਟ ਘਰਾਣੇ ਭਾਰਤ ਦੀ ਅਥਾਹ ਲੁੱਟ ਕਰਦਿਆਂ ਹੋਇਆ ਭਾਰਤ ਨੂੰ ਫਿਰ ਤੋਂ ਆਪਣਾ ਗ਼ੁਲਾਮ ਬਣਾ ਲੈਣਗੇ।