ਪੜ੍ਹੇ ਲਿਖੇ ਅਨਪੜ੍ਹਾਂ ਉੱਤੇ ਅਨਪੜ੍ਹ ਨੇਤਾਵਾਂ ਦਾ ਰਾਜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 10 2020 10:31
Reading time: 2 mins, 32 secs

ਸਾਡੇ ਭਾਰਤ ਦੇ ਅੰਦਰ ਬਹੁਤ ਸਾਰੇ ਅਜਿਹੇ ਅਨਪੜ੍ਹ ਨੇਤਾ ਹਨ, ਜੋ ਸਾਡੇ ਪੜ੍ਹੇ ਲਿਖੇ ਸਮਾਜ 'ਤੇ ਰਾਜ ਕਰ ਰਹੇ ਹਨ। ਪਰ ਹੁਣ ਇੱਥੇ ਸ਼ੁਰੂ ਦੇ ਵਿੱਚ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਨਪੜ੍ਹ ਨੇਤਾ ਸਾਡੇ ਦੇਸ਼ ਦਾ ਭਲਾ ਕਰ ਸਕਦੇ ਹਨ? ਕੀ ਪੜ੍ਹੇ ਲਿਖੇ ਅਨਪੜ੍ਹ ਨੇਤਾ ਨੂੰ ਚੁਨਣ ਲਈ ਮੂਰਖ਼ਤਾ ਕਿਉਂ ਵਿਖਾਉਂਦੇ ਹਨ? ਵੈਸੇ, ਸਾਡੇ ਸਮਾਜ ਨੂੰ ਪੜ੍ਹੇ ਲਿਖੇ ਅਤੇ ਬੁੱਧੀਮਾਨ ਨੇਤਾਵਾਂ ਦੀ ਲੋੜ ਹੈ, ਜੋ ਹਰ ਛੋਟੇ ਵੱਡੇ ਦੀ ਗੱਲ ਨੂੰ ਸਮਝਦੇ ਹੋਣ ਅਤੇ ਉਸ ਦੀ ਸਮੱਸਿਆਵਾਂ ਦਾ ਹੱਲ ਵੀ ਮੌਕੇ ਸਿਰ ਕਰਦੇ ਹੋਣ।

ਭਾਰਤ ਦੇ ਅੰਦਰ ਬਹੁਤ ਸਾਰੇ ਭਾਜਪਾਈ, ਕਾਂਗਰਸੀ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਨੇਤਾ ਹਨ, ਜੋ ਕੋਰੇ ਅਨਪੜ੍ਹ ਹਨ, ਪਰ ਫਿਰ ਵੀ ਉਹ ਸਾਡੇ 'ਤੇ ਰਾਜ ਕਰ ਰਹੇ ਹਨ। ਨਵੇਂ ਖੇਤੀ ਕਾਨੂੰਨ ਦਾ ਵਿਰੋਧ ਬੇਸ਼ੱਕ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਕਰ ਰਹੀਆਂ ਹਨ, ਪਰ ਕਈ ਪਾਰਟੀਆਂ ਦੇ ਨੇਤਾ ਅਜਿਹੇ ਵੀ ਹਨ, ਜੋ ਨਵੇਂ ਖੇਤੀ ਕਾਨੂੰਨ ਤੋਂ ਅਣਜਾਨ ਹਨ। ਵੈਸੇ, ਖੇਤੀ ਕਾਨੂੰਨਾਂ ਦੀ ਪੜਚੋਲ ਕਰਨ ਤੋਂ ਮਗਰੋਂ ਇਹੀ ਲੱਗਦਾ ਹੈ ਕਿ ਇਹ ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਤਾਂ ਹਨ ਹੀ, ਨਾਲ ਹੀ ਹਰ ਤਬਕੇ ਦੇ ਵੀ ਵਿਰੋਧੀ ਕਾਨੂੰਨ ਹਨ।

ਬਹੁਤੇ ਭਾਜਪਾਈ ਜਿਵੇਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਮਾਜ ਦਾ ਨਖੇੜਾ ਕਰ ਰਹੇ ਹਨ, ਬਿਲਕੁਲ ਉਸੇ ਤਰ੍ਹਾਂ ਪੰਜਾਬ ਤੋਂ ਕਾਂਗਰਸ ਦੇ ਸਾਂਸਦ ਮੁਹੰਮਦ ਸਦੀਕ ਇੱਕ ਅਜਿਹੇ ਸਾਂਸਦ ਹਨ, ਜੋ ਗਾਇਕੀ ਸਮੇਂ ਸਮਾਜ ਵਿੱਚ ਰਹਿੰਦੇ ਸਨ, ਪਰ ਹੁਣ ਸਿਆਸਤਦਾਨ ਜਦੋਂ ਦੇ ਬਣੇ ਹਨ, ਸਮਾਜ ਤੋਂ ਦੂਰ ਰਹਿੰਦੇ ਹਨ। ਖ਼ੈਰ, ਇੱਕ ਪਾਸੇ ਕਾਂਗਰਸ ਪਾਰਟੀ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ, ਪਰ ਦੂਜੇ ਪਾਸੇ ਕਾਂਗਰਸ ਦੇ ਸਾਂਸਦ ਮੁਹੰਮਦ ਸਦੀਕ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਬਾਰੇ ਵਿੱਚ ਭੋਰਾ ਪਤਾ ਨਹੀਂ, ਜਿਸ ਦੇ ਕਾਰਨ ਸਦੀਕ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ।

ਕਈ ਕਹਿ ਰਹੇ ਹਨ ਕਿ ਸਦੀਕ ਭੋਲ਼ੇ ਹਨ ਤਾਂ ਹੀ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਪਤਾ ਨਹੀਂ ਅਤੇ ਕੋਈ ਕਹਿ ਰਹੇ ਹਨ ਕਿ ਅਜਿਹੇ ਅਨਪੜ੍ਹ ਨੂੰ ਸੱਤਾ ਵਿੱਚ ਲਿਆ ਕੇ ਕੀ ਕਰਨਾ, ਜਿਸ ਨੂੰ ਲੋਕ ਮਾਰੂ ਕਾਨੂੰਨਾਂ ਦਾ ਵੀ ਉੱਕਾ ਪਤਾ ਨਾ ਹੋਵੇ। ਵਿਅੰਗਕਾਰਾਂ ਨੇ ਮੁਹੰਮਦ ਸਦੀਕ ਨੂੰ ਨਹੀਂ, ਬਲਕਿ ਸਦੀਕ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਕੋਸਿਆ ਅਤੇ ਕਿਹਾ ਕਿ ਸਦੀਕ ਦੀ ਕੋਈ ਗ਼ਲਤੀ ਨਹੀਂ, ਗ਼ਲਤੀ ਤਾਂ ਪੜ੍ਹੇ ਲਿਖੇ ਸਮਾਜ ਦੀ ਹੈ, ਜਿਨ੍ਹਾਂ ਨੇ ਸਿਰਫ਼ ਚੇਹਰਾ ਦੇਖ ਕੇ ਵੋਟਾਂ ਪਾ ਦਿੱਤੀਆਂ, ਪਰ ਬੰਦੇ ਦੀ ਪੜ੍ਹਾਈ ਦੇ ਵੱਲ ਜਰਾਂ ਜਿੰਨਾ ਵੀ ਧਿਆਨ ਨਹੀਂ ਦਿੱਤਾ।

ਦੱਸਣਾ ਬਣਦਾ ਹੈ ਕਿ ਲੰਘੇ ਦਿਨੀਂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਸਮੇਂ ਕਾਂਗਰਸ ਵਲੋਂ ਆਯੋਜਿਤ ਰੈਲੀਆਂ ਵਿੱਚ ਮੁਹੰਮਦ ਸਦੀਕ ਸ਼ਾਮਲ ਹੋਏ ਸਨ ਅਤੇ ਬੱਧਨੀ ਕਲਾਂ (ਮੋਗਾ) ਵਿਖੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਮੋਦੀ ਸਰਕਾਰ ਦੀ ਨੁਕਤਾਚੀਨੀ ਕੀਤੀ ਸੀ। ਸਦੀਕ ਨੇ ਭਾਵੇਂ ਹੀ ਰੈਲੀ ਦੌਰਾਨ ਨਵੇਂ ਕਾਨੂੰਨ ਨੂੰ ਕਿਸਾਨ ਤੇ ਖੇਤ ਮਜਦੂਰ ਵਿਰੋਧੀ ਦੱਸਿਆ ਸੀ, ਪਰ ਸਦੀਕ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਆਖਿਆ ਕਿ ਉਹ ਤਾਂ ਰੈਲੀ ਵਿੱਚ ਸ਼ਾਮਲ ਹੋਣ ਆਏ ਸਨ, ਉਨ੍ਹਾਂ ਨੂੰ ਖੇਤੀ ਬਿੱਲਾਂ ਬਾਰੇ ਕੁੱਝ ਪਤਾ ਨਹੀਂ।

ਸਦੀਕ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਬਿੱਲਾਂ ਦੇ ਪੰਜਾਬੀ ਵਿੱਚ ਨਾਮ ਵੀ ਨਹੀਂ ਪਤਾ। ਹੁਣ ਦੱਸੋ, ਅਜਿਹੇ ਨੇਤਾਵਾਂ ਨੂੰ ਸੱਤਾ ਵਿੱਚ ਲਿਆਉਣ ਦੀ ਲੋੜ ਹੈ, ਜਿੰਨ੍ਹਾਂ ਨੂੰ ਲੋਕ ਮਾਰੂ ਬਿੱਲਾਂ ਦਾ ਹੀ ਨਹੀਂ ਪਤਾ ਅਤੇ ਲੋਕਾਂ ਦੀਆਂ ਕੀ ਮੰਗਾਂ ਹਨ, ਉਨ੍ਹਾਂ ਬਾਰੇ ਵੀ ਕੱਖ ਨਹੀਂ ਪਤਾ। ਖ਼ੈਰ, ਗ਼ਲਤੀ ਅਸੀਂ ਮੁਹੰਮਦ ਸਦੀਕ ਦੀ ਨਹੀਂ, ਬਲਕਿ ਪੜ੍ਹੇ ਲਿਖੇ ਲੋਕ, ਜਿਹੜੇ ਅਨਪੜ੍ਹ ਬਣ ਕੇ ਸਦੀਕ ਨੂੰ ਵੋਟਾਂ ਪਾ ਕੇ ਆਏ, ਉਨ੍ਹਾਂ ਦੀ ਹੀ ਕੱਢਾਂਗੇ।