ਲਓ ਜੀ, ਆ ਗਿਆ ਪੰਜਾਬ 'ਚ ਕਿਸਾਨਾਂ ਦਾ ਰਾਜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 09 2020 16:09
Reading time: 2 mins, 3 secs

ਪੰਜਾਬ ਦੇ ਅੰਦਰ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਵੱਧਦਾ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਪਹਿਲੋਂ ਜ਼ਿਲ੍ਹਾ ਪੱਧਰੀ ਧਰਨੇ ਲਗਾਏ ਗਏ ਸਨ, ਫਿਰ ਸੂਬਾ ਪੱਧਰੀ ਅਤੇ ਫਿਰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਦੀ ਸ਼ੁਰੂਆਤ ਕੀਤੀ ਜਾਵੇਗੀ। ਕਿਸਾਨਾਂ ਦਾ ਏਕਾ ਲੋਕਲ ਧਰਨਿਆਂ ਤੋਂ ਰੇਲ ਪਟੜੀਆਂ ਤੱਕ ਲੈ ਆਇਆ। ਪਿਛਲੇ ਕਰੀਬ 2 ਹਫ਼ਤਿਆਂ ਤੋਂ ਕਿਸਾਨ ਰੇਲ ਟਰੈਕਾਂ 'ਤੇ ਬੈਠ ਕੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ।

ਪਿਛਲੇ ਇੱਕ ਹਫ਼ਤੇ ਤੋਂ ਕਿਸਾਨ ਦੇ ਵੱਲੋਂ ਟੋਲ ਪਲਾਜਿਆਂ ਤੋਂ ਇਲਾਵਾ ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਪਤੰਜਲੀ ਦੇ ਸਟੋਰਾਂ ਦੇ ਬਾਹਰ ਧਰਨੇ ਮਾਰੇ ਹੋਏ ਹਨ। ਕਿਸਾਨਾਂ ਦੇ ਵੱਲੋਂ ਪਿਛਲੇ ਕੁੱਝ ਕੁ ਦਿਨਾਂ ਤੋਂ 'ਟੋਲ ਪਲਾਜ਼ੇ' ਮੁਕੰਮਲ ਬੰਦ ਕੀਤੇ ਹੋਏ ਹਨ ਅਤੇ ਲੋਕਾਂ ਨੂੰ ਉੱਥੋਂ ਮੁਫ਼ਤ ਲੰਘਾਇਆ ਜਾ ਰਿਹਾ ਹੈ। 'ਟੋਲ ਫਰੀ' ਹੁਣ ਪੰਜਾਬ ਹੋ ਚੁੱਕਿਆ ਹੈ ਅਤੇ ਪੰਜਾਬ ਦੇ ਅੰਦਰ ਹੁਣ ਬਿਨ੍ਹਾਂ ਫ਼ੀਸ ਦਿੱਤੇ ਹੀ ਵਾਹਨ ਨਿਕਲ ਰਹੇ ਹਨ। ਕਿਸਾਨਾਂ ਦਾ ਰਾਜ ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਆ ਚੁੱਕਿਆ ਹੈ, ਜੋ ਕਿ ਹਾਕਮਾਂ ਨੂੰ ਹਿਲਾ ਦੇਵੇਗਾ।

ਜਾਣਕਾਰੀ ਦੇ ਮੁਤਾਬਿਕ ਅਨੁਸਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲੁਧਿਆਣਾ, ਫਿਰੋਜ਼ਪੁਰ, ਜਲੰਧਰ, ਬਠਿੰਡਾ, ਬਰਨਾਲਾ ਤੇ ਪਟਿਆਲਾ ਜ਼ਿਲ੍ਹੇ ਵਿੱਚ ਹਾਈਵੇ 'ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਟੋਲ ਨਾ ਵਸੂਲਣ ਦਿੱਤਾ। ਅੰਮਿਤਸਰ ਜ਼ਿਲ੍ਹੇ ਦੇ ਪਿੰਡ ਦੇਵੀਦਾਸਪੁਰਾ ਵਿੱਚ ਕਿਸਾਨਾਂ ਨੇ ਅੰਮਿਤਸਰ-ਦਿੱਲੀ ਰੇਲਵੇ ਟਰੈਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਕਈ ਜ਼ਿਲ੍ਹਿਆਂ ਵਿੱਚ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਇਕ ਹਫ਼ਤੇ ਤੋਂ ਜਾਰੀ ਹੈ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਦੂਜੇ ਦਿਨ ਕਿਸਾਨਾਂ ਨੇ ਮੁਲਾਜ਼ਮਾ ਨੂੰ ਵਾਹਨ ਚਾਲਕਾਂ ਤੋਂ ਟੋਲ ਵਸੂਲਣ ਨਹੀਂ ਦਿੱਤਾ।

ਟੋਲ ਪਲਾਜ਼ਾ ਦੇ ਇੱਕ ਹਿੱਸੇ 'ਤੇ ਧਰਨਾ ਜਾਰੀ ਰਿਹਾ ਤਾਂ ਦੂਜੇ ਹਿੱਸੇ ਤੋਂ ਵਾਹਨ ਬਿਨਾਂ ਟੋਲ ਤੋਂ ਲੰਘਦੇ ਰਹੇ। ਇਸੇ ਤਰ੍ਹਾਂ ਲੁਧਿਆਣਾ-ਬਠਿੰਡਾ ਰੋਡ 'ਤੇ ਪੈਂਦੇ ਸੁਧਾਰ ਟੋਲ ਪਲਾਜ਼ਾ, ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਚੌਕੀਮਾਨ ਦੇ ਟੋਲ ਪਲਾਜ਼ਾ ਤੇ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਪੈਂਦੇ ਘੁਲਾਲ ਟੋਲ ਪਲਾਜ਼ਾ 'ਤੇ ਵੀ ਕਿਸਾਨ ਧਰਨੇ 'ਤੇ ਬੈਠੇ ਹੋਏ ਹਨ। ਜਲੰਧਰ ਦੇ ਨਜ਼ਦੀਕ ਗਿੱਦੜਪਿੰਡੀ, ਸਤਲੁਜ ਦਰਿਆ ਪੁਲ 'ਤੇ ਬਣੇ ਟੋਲ ਪਲਾਜ਼ਾ 'ਤੇ ਲੰਘੇ ਕੱਲ੍ਹ ਤੋਂ ਕਿਸਾਨਾਂ ਨੇ ਪੱਕਾ ਧਰਨਾ ਲਾ ਦਿੱਤਾ ਹੈ।

ਦੱਸ ਦਈਏ ਕਿ ਜਿਸ ਪ੍ਰਕਾਰ ਕਿਸਾਨਾਂ ਦਾ ਸੰਘਰਸ਼ ਦਿਨ ਪ੍ਰਤੀ ਦਿਨ ਤੇਜ਼ ਹੁੰਦਾ ਜਾ ਰਿਹਾ ਹੈ, ਇਸ ਤੋਂ ਇਹੀ ਲੱਗਦਾ ਹੈ ਕਿ ਕਿਸਾਨਾਂ ਦਾ ਰਾਜ ਸੂਬੇ ਦੇ ਅੰਦਰ ਲਾਗੂ ਹੋ ਚੁੱਕਿਆ ਹੈ। ਕੁੱਝ ਸਮਾਂ ਪਹਿਲੋਂ ਜਿਹੜੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਵੰਨ ਸਵੰਨੀਆਂ ਗੱਲਾਂ ਕਰ ਰਹੀਆਂ ਹਨ, ਉਹ ਸਿਆਸੀ ਪਾਰਟੀਆਂ ਨੂੰ ਹੁਣ ਮੂੰਹ ਦੀ ਖਾਣੀ ਪੈ ਰਹੀ ਹੈ ਅਤੇ ਕਿਸਾਨਾਂ ਨੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਕੁੱਲ ਮਿਲਾ ਕੇ, ਆਖ ਸਕਦੇ ਹਾਂ ਕਿ ਕਿਸਾਨਾਂ ਦੇ ਪੰਜਾਬ ਦੇ ਅੰਦਰ ਸੰਘਰਸ਼ ਕਾਰਨ, ਕਿਸਾਨਾਂ ਦਾ ਰਾਜ ਸਥਾਪਤ ਪੰਜਾਬ ਦੇ ਅੰਦਰ ਹੋ ਚੁੱਕਿਆ ਹੈ।