ਕਿਸਾਨ ਮਾਰੂ ਕਾਨੂੰਨ: ਪੰਜਾਬ 'ਚ ਕਿਸਾਨਾਂ ਦਾ ਸੰਘਰਸ਼ ਸਿਖ਼ਰਾਂ 'ਤੇ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 09 2020 16:07
Reading time: 1 min, 36 secs

ਪੰਜਾਬ ਦੇ ਅੰਦਰ ਇਸ ਵਕਤ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਦਾ ਵਿਰੋਧ ਸਿਖ਼ਰਾਂ 'ਤੇ ਹੈ। ਕਿਸਾਨਾਂ ਦੇ ਨਾਲ ਨਾਲ ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਇਨਕਲਾਬੀ ਧੜੇ ਜੁੜ ਚੁੱਕੇ ਹਨ, ਜੋ ਕਿ ਹਾਕਮ ਜਮਾਤ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਤਾਂ ਪਹਿਲੋਂ ਹੀ ਸੜਕਾਂ 'ਤੇ ਸਨ, ਹੁਣ ਕਿਸਾਨਾਂ ਦੇ ਨਾਲ ਕਈ ਜਥੇਬੰਦੀਆਂ ਵੀ ਆਣ ਖੜੀਆਂ ਹਨ।

ਕਿਸਾਨਾਂ ਦੇ ਸੰਘਰਸ਼ ਨੂੰ ਲਗਾਤਾਰ ਬੂਰ ਵੀ ਪੈਣੇ ਸ਼ੁਰੂ ਹੋ ਰਹੇ ਹਨ ਅਤੇ ਮੋਦੀ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁੱਕਦੀ ਵੀ ਜਾ ਰਹੀ ਹੈ। ਕਿਸਾਨਾਂ ਦਾ ਰੋਹ ਇਸ ਵਕਤ ਰੁਕਣ ਵਾਲਾ ਨਹੀਂ ਹੈ। ਭਾਵੇਂ ਹੀ ਕਿਸਾਨ ਕਹਿ ਰਹੇ ਹਨ ਕਿ ਹਿਲਟਰ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਮੋਦੀ ਸਰਕਾਰ ਦੇ ਵੱਲੋਂ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਕਿਸਾਨ ਇਹ ਵੀ ਕਹਿ ਰਹੇ ਹਨ ਕਿ ਹਿਲਟਰ ਦਾ ਅੰਤ ਤਾਂ ਸਭ ਨੂੰ ਪਤਾ ਹੀ ਹੈ, ਇਵੇਂ ਹੀ ਮੋਦੀ ਵਰਗਿਆਂ ਦਾ ਵੀ ਅੰਤ ਕਰਕੇ ਹੀ ਅਸੀਂ ਪਿਛਾ ਹਟਾਂਗੇ।

ਕਿਸਾਨੀ ਘੋਲ ਦੇ ਵਿੱਚ ਸਿਆਸੀ ਪਾਰਟੀਆਂ ਵੀ ਵੋਟਾਂ ਖ਼ਾਤਰ ਆ ਰਹੀਆਂ ਹਨ, ਪਰ ਕਿਸਾਨ ਜਥੇਬੰਦੀਆਂ ਇਨ੍ਹਾਂ ਸਿਆਸੀ ਪਾਰਟੀਆਂ ਨੂੰ ਮੂਹਰੇ ਖੰਘਣ ਨਹੀਂ ਦੇ ਰਹੀਆਂ। ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧਤਾ ਪ੍ਰਗਟਾਈ ਜਾ ਰਹੀ ਹੈ। ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਹਰ ਕਸਬੇ, ਪਿੰਡ ਅਤੇ ਸ਼ਹਿਰ ਦੇ ਅੰਦਰ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਕਿਸਾਨਾਂ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਾਕਮ ਜਮਾਤ ਦੇ ਵੱਲੋਂ ਅਜਿਹੇ ਕਾਨੂੰਨ ਬਣਾਏ ਜਾਣ, ਜਿਹੜੇ ਲੋਕਾਂ ਨੂੰ ਮਨਜੂਰ ਹੋਣ। ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਵਿੱਚ ਕਾਨੂੰਨ ਉਹ ਬਣਾਏ ਜਾ ਰਹੇ, ਜਿਹੜਾ ਲੋਕਾਂ ਨੂੰ ਮਨਜੂਰ ਨਹੀਂ। ਇਨ੍ਹਾਂ ਕਾਲੇ ਕਾਨੂੰਨਾਂ ਦਾ ਪੰਜਾਬ ਦੇ ਹਰੇਕ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਸਾਰੇ ਧਰਮਾਂ, ਕਿਸਾਨਾਂ, ਮਜਦੂਰਾਂ, ਵਪਾਰੀਆਂ, ਦੁਕਾਨਦਾਰਾਂ ਤੇ ਸਭ ਵਰਗਾਂ ਦੇ ਲੋਕਾਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਬਹੁਤ ਸਖਤੀ ਨਾਲ ਵਿਰੋਧ ਕੀਤਾ ਹੈ। ਇਸ ਦੇ ਬਾਵਜੂਦ ਵੀ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕੀਤਾ ਹੈ। ਪੰਜਾਬ ਨੂੰ ਕੁਚਲ ਦੇਣ ਦੀ ਨੀਤੀ ਤਹਿਤ ਇਹ ਕਾਨੂੰਨ ਜਬਰਦਸਤੀ ਲਾਗੂ ਕੀਤੇ ਜਾ ਰਹੇ।