ਸਿਆਸੀ ਰੈਲੀਆਂ 'ਚ ਕੋਰੋਨਾ ਕਿਉਂ ਮਰ ਜਾਂਦੈ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 09 2020 16:04
Reading time: 2 mins, 8 secs

ਜਦੋਂ ਲੋਕ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ ਤਾਂ, ਉਦੋਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦਾ ਡਰ ਪਾ ਕੇ ਅਤੇ ਅਣਗਿਣਤ ਪਾਬੰਦੀਆਂ ਮੜ ਕੇ, ਹਜ਼ਾਰਾਂ ਲੋਕਾਂ 'ਤੇ ਪਰਚੇ ਦਰਜ ਕਰ ਦਿੱਤੇ। ਕਈ ਲੋਕਾਂ 'ਤੇ ਇਹ ਦੋਸ਼ ਲਗਾਇਆ ਗਿਆ ਕਿ ਏਨਾ ਨੇ ਕੋਰੋਨਾ ਫ਼ੈਲਾਇਆ ਹੈ ਅਤੇ ਭੀੜ ਭਾੜ ਵਾਲੀਆਂ ਜਗ੍ਹਾਵਾਂ 'ਤੇ ਆਪਣੇ ਸਮਾਗਮ ਕੀਤੇ ਹਨ। ਕਰੀਬ 7 ਮਹੀਨੇ ਲੋਕਾਂ ਨੂੰ ਘਰਾਂ ਦੇ ਅੰਦਰ ਤਾੜ ਕੇ, ਹਾਕਮ ਜਮਾਤ ਨੇ ਕਈ ਕਾਲੇ ਕਾਨੂੰਨ ਲੋਕਾਂ 'ਤੇ ਥੋਪ ਦਿੱਤੇ, ਜਿਨ੍ਹਾਂ ਦਾ ਵਿਰੋਧ ਉਦੋਂ ਹੋਣਾ ਚਾਹੀਦਾ ਸੀ, ਜਦੋਂ ਇਹ ਕਾਲੇ ਕਾਨੂੰਨ ਲਿਆਂਦੇ ਗਏ।

ਪਰ, ਹਾਕਮ ਜਮਾਤ ਦੇ ਵੱਲੋਂ ਮੜੇ ਗਏ ਬੇਲੋੜੇ ਲਾਕਡਾਊਨ ਦੇ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ। ਲੋਕਾਂ ਨੂੰ ਘਰਾਂ ਅੰਦਰ ਤਾੜ ਕੇ ਕਾਲੇ ਕਾਨੂੰਨ ਪਾਸ ਕਰਨੇ, ਇਹ ਤਾਨਾਸ਼ਾਹੀ ਰਵੱਈਏ ਮੁਤਾਬਿਕ ਬਹੁਤ ਜ਼ਿਆਦਾ ਖ਼ਤਰਨਾਕ ਹਨ। ਦਰਅਸਲ, ਇੱਕ ਪਾਸੇ ਤਾਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਵਾਸਤੇ ਹਾਕਮ ਧਿਰ ਦੇ ਵੱਲੋਂ ਕਾਲੇ ਕਾਨੂੰਨ ਅਤੇ ਅਣਗਿਣਤ ਪਾਬੰਦੀਆਂ ਲੋਕਾਂ 'ਤੇ ਕੋਰੋਨਾ ਦਾ ਡਰ ਪਾ ਕੇ ਮੜੀਆਂ, ਉੱਥੇ ਹੀ ਦੂਜੇ ਪਾਸੇ ਇਨ੍ਹਾਂ ਹਾਕਮਾਂ ਨੇ ਚੋਣਾਂ ਨੂੰ ਲੈ ਕੇ ਆਪਣੀਆਂ ਸਿਆਸੀ ਰੈਲੀਆਂ ਕਰਨ ਤੋਂ ਪਹਿਲੋਂ ਨਵੀਆਂ ਗਾਈਡਲਾਈਜ਼ ਜਾਰੀ ਕਰਵਾ ਲਈਆਂ।

ਖ਼ਬਰਾਂ ਦੇ ਅਨੁਸਾਰ ਲੰਘੇ ਕੱਲ੍ਹ ਗ੍ਰਹਿ ਮੰਤਰਾਲੇ ਨੇ 12 ਚੋਣ ਸੂਬਿਆਂ ਲਈ ਕੋਰੋਨਾ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਇਨ੍ਹਾਂ ਸੂਬਿਆਂ ਵਿੱਚ ਫੌਰੀ ਪ੍ਰਭਾਵ ਨਾਲ ਸਿਆਸੀ ਰੈਲੀਆਂ ਕਰਨ ਦੀ ਆਗਿਆ ਦਿੱਤੀ ਗਈ ਹੈ। ਦਰਅਸਲ, ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਕੋਰੋਨਾ ਦੌਰਾਨ ਚੱਲ ਰਹੀਆਂ ਤੇ ਭਵਿੱਖ ਦੀਆਂ ਚੋਣਾਂ ਲਈ ਸਟਾਰ ਪ੍ਰਚਾਰਕਾਂ ਨਾਲ ਸਬੰਧਤ ਮਾਪਦੰਡਾਂ ਨੂੰ ਸੋਧਿਆ ਸੀ। ਖ਼ਬਰਾਂ ਦੇ ਅਨੁਸਾਰ ਕੋਰੋਨਾ ਦੌਰਾਨ ਮਾਨਤਾ ਪ੍ਰਾਪਤ ਕੌਮੀ ਤੇ ਸੂਬਾਈ ਸਿਆਸੀ ਪਾਰਟੀਆਂ ਲਈ ਵੱਧ ਤੋਂ ਵੱਧ 30 ਸਟਾਰ ਪ੍ਰਚਾਰਕਾਂ ਤੇ ਗ਼ੈਰ-ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਲਈ 15 ਸਟਾਰ ਪ੍ਰਚਾਰਕਾਂ ਦੀ ਗਿਣਤੀ ਤੈਅ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਕੋਰੋਨਾ ਕਾਲ ਵਿੱਚ ਚੋਣ ਕਰਵਾਉਣ ਨੂੰ ਲੈ ਕੇ ਕਮਿਸ਼ਨ ਨੇ ਬੀਤੀ 21 ਅਗਸਤ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਸਨ। ਇਹ ਦਿਸ਼ਾ-ਨਿਰਦੇਸ਼ ਬਿਹਾਰ ਵਿਧਾਨ ਸਭਾ ਤੇ ਹੋਰ ਜਿਮਨੀ ਚੋਣਾਂ ਲਈ ਜਾਰੀ ਕੀਤੇ ਗਏ ਹਨ। ਹੁਣ ਉਮੀਦਵਾਰ ਸਮੇਤ ਸਿਰਫ਼ 5 ਲੋਕ ਘਰ-ਘਰ ਜਾ ਕੇ ਮੁਹਿੰਮ ਵਿੱਚ ਹਿੱਸਾ ਲੈ ਸਕਣਗੇ। ਉਮੀਦਵਾਰ ਜ਼ਮਾਨਤ ਦੀ ਰਕਮ ਆਨਲਾਈਨ ਭਰ ਸਕਣਗੇ। ਜਨਤਕ ਮੀਟਿੰਗ 'ਤੇ ਰੋਡ ਸ਼ੋਅ ਦੀ ਆਗਿਆ ਗ੍ਰਹਿ ਮੰਤਰਾਲੇ ਤੇ ਸੂਬਿਆਂ ਦੇ ਕੋਰੋਨਾ 'ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਲੇਗੀ।

ਗ੍ਰਹਿ ਮੰਤਰਾਲੇ ਦੇ ਵੱਲੋਂ ਸਿਆਸੀ ਪਾਰਟੀਆਂ ਨੂੰ ਦਿੱਤੇ ਗਏ ਨਿਰਦੇਸ਼ ਕਿ ਉਹ ਚੋਣ ਰੈਲੀਆਂ ਕਰ ਸਕਦੀਆਂ ਹਨ, ਇਸ ਨੂੰ ਲੈ ਕੇ ਕੁੱਝ ਬੁੱਧੀਜੀਵੀ ਸਵਾਲ ਕਰ ਰਹੇ ਹਨ ਕਿ ਕੀ ਸਿਆਸੀ ਰੈਲੀਆਂ 'ਚ ਕੋਰੋਨਾ ਮਰ ਜਾਂਦਾ ਹੈ? ਅਵਾਮ ਦੀਆਂ ਰੈਲੀਆਂ ਵਿੱਚ ਹੀ ਕੋਰੋਨਾ ਜਿਉਂਦਾ ਰਹਿੰਦਾ ਹੈ? ਸਿਆਸੀ ਲੀਡਰਾਂ ਦਾ ਦਬਾਅ ਏਨਾ ਜ਼ਿਆਦਾ ਹੁੰਦਾ ਹੈ ਕਿ ਕੋਰੋਨਾ ਮਹਾਂਮਾਰੀ ਵੀ ਜਾਅਲੀ ਜਾਪਦੀ ਹੈ? ਜੇਕਰ ਲੋਕਾਂ ਦੇ ਇਕੱਠ ਕੋਰੋਨਾ ਫ਼ੈਲਾਉਂਦੇ ਹਨ ਤਾਂ, ਫਿਰ ਸਿਆਸੀ ਲੀਡਰਾਂ ਦੇ ਇਕੱਠ ਕੀ ਕੋਰੋਨਾ ਭਜਾਉਂਦੇ ਹਨ? ਆਖ਼ਰ ਸਰਕਾਰਾਂ ਆਪਣੇ ਫ਼ਾਇਦੇ ਖ਼ਾਤਰ ਲੋਕਾਂ 'ਤੇ ਬੇਲੋੜੀਆਂ ਪਾਬੰਦੀਆਂ ਮੜਦੀਆਂ ਰਹਿੰਦੀਆਂ ਹਨ।