ਸਿਵਲ ਹਸਪਤਾਲ ਬਟਾਲਾ ਦੀਆਂ ਮੈਡੀਕਲ ਟੀਮਾਂ ਨੇ ਬਟਾਲਾ ਸ਼ਹਿਰ ਵਿੱਚ 30 ਹਜ਼ਾਰ ਤੋਂ ਵੱਧ ਕੋਰੋਨਾ ਟੈਸਟ ਕੀਤੇ


 ਕੋਵਿਡ-19 ਦੇ ਪਸਾਰ ਨੂੰ ਰੋਕਣ ਅਤੇ ਇਸ ਵਾਇਰਸ ਤੋਂ ਪ੍ਰਭਾਵਤ ਮਰੀਜ਼ਾਂ ਦੇ ਇਲਾਜ ਵਿੱਚ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਨੇ ਮਿਸਾਲੀ ਸਿਹਤ ਸੇਵਾਵਾਂ ਦਿੱਤੀਆਂ ਹਨ। ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਤੇ ਸਾਰਾ ਸਿਹਤ ਅਮਲਾ ਕੋਰੋਨਾ ਸੰਕਟ ਵਿਚ ਲਗਾਤਾਰ ਦਿਨ-ਰਾਤ ਮਰੀਜਾਂ ਦੀ ਟੈਸਟਿੰਗ, ਇਲਾਜ ਅਤੇ ਸਾਂਭ-ਸੰਭਾਲ ਵਿਚ ਲੱਗੇ ਹੋਏ ਹਨ। ਕੋਰੋਨਾ ਕਾਲ ਦੌਰਾਨ ਜਿਥੇ ਕਈ ਨਿੱਜੀ ਹਸਪਤਾਲਾਂ ਨੇ ਆਪਣੀ ਓ ਪੀ ਡੀ ਤੱਕ ਬੰਦ ਕਰ ਰੱਖੀ ਸੀ, ਉਸ ਵੇਲੇ ਇੰਨਾਂ ਸਰਕਾਰੀ ਡਾਕਟਰ ਲੋਕਾਂ ਲਈ ਰੱਬ ਬਣਕੇ ਬਹੁੜੇ ਹਨ। ਸਿਵਲ ਹਸਪਤਾਲ ਬਟਾਲਾ ’ਚੋਂ ਸੈਂਕੜੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਗਏ ਹਨ, ਉਨਾਂ ਵਿਚੋਂ ਵੀ ਵੱਡੀ ਗਿਣਤੀ ਮਰੀਜਾਂ ਨੂੰ ਇੰਨਾਂ ਡਾਕਟਰਾਂ ਦੀ ਬਦੌਲਤ ਨਵੀਂ ਜ਼ਿੰਦਗੀ ਮਿਲੀ ਹੈ।

ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਸਿਵਲ ਹਸਪਤਾਲ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਦੱਸਿਆ ਕਿ ਇਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਮਾਹਿਰ ਡਾਕਟਰਾਂ ਵਲੋਂ ਆਪਣੀ ਦੇਖ ਰੇਖ ਹੇਠ ਕੀਤਾ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ 24 ਘੰਟੇ ਹਰ ਤਰਾਂ ਦੀ ਮੈਡੀਕਲ ਸਹੂਲਤ ਉਪਲੱਬਧ ਕਰਾਈ ਜਾ ਰਹੀ ਹੈ। ਉਨਾਂ ਕਿਹਾ ਕੋਰੋਨਾ ਮਰੀਜ਼ਾਂ ਦਾ ਜਿਥੇ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਓਥੇ ਉਨਾਂ ਨੂੰ ਖਾਣਾ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ।

ਡਾ. ਭੱਲਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਸਮੁੱਚੇ ਸਿਹਤ ਅਮਲੇ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਇਕੱਲੇ ਬਟਾਲਾ ਸ਼ਹਿਰ ਵਿੱਚ ਹੀ 30 ਹਜ਼ਾਰ ਤੋਂ ਵੱਧ ਕੋਵਿਡ-19 ਦੇ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਬਿਮਾਰੀ ਦਾ ਕੋਈ ਲੱਛਣ ਨਹੀਂ ਸੀ ਉਨ੍ਹਾਂ ਦਾ ਇਲਾਜ ਘਰਾਂ ਵਿੱਚ ਹੀ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਅਜੇ ਖਤਮ ਨਹੀਂ ਸੋ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਖੰਘ, ਬੁਖਾਰ, ਜੁਕਾਮ, ਸਾਹ ਚੜ੍ਹਦਾ ਹੋਵੇ ਜਾਂ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਤਾਂ ਉਹ ਆਪਣਾ ਕੋਵਿਡ-19 ਟੈਸਟ ਜਰੂਰ ਕਰਾਉਣ।