ਪਰਾਲੀ ਦੀ ਸੰਭਾਲ ਵਿੱਚ ਗੁਜਰ ਭਾਈਚਾਰਾ ਨਿਭਾ ਰਿਹਾ ਹੈ ਅਹਿਮ ਰੋਲ

 

 

 ਧਰਤੀ ਕਿਸਾਨ ਦੀ ਮਾਂ ਹੁੰਦੀ ਹੈ ਅਤੇ ਖੇਤਾਂ ਅੰਦਰ ਪਰਾਲੀ ਨੂੰ ਅੱਗ ਲਗਾ ਕੇ ਜਿੱਥੇ ਅਸੀਂ ਵਾਤਾਵਰਣ ਨੂੰ ਗੰਦਲਾ ਕਰਦੇ ਹਾਂ ਉੱਥੇ ਹੀ ਅਸੀਂ ਅਪਣੇ ਪੈਰਾਂ ਤੇ ਆਪ ਕੁਹਾੜੀ ਚਲਾ ਕੇ ਖੇਤਾਂ ਦੀ ਪੈਦਾਵਾਰ ਵੀ ਘਟਾ ਰਹੇ ਹਾਂ। ਇਹ ਪ੍ਰਗਟਾਵਾ ਸ.ਬਲਦੇਵ ਸਿੰਘ ਪਿੰਡ ਭੋਆ ਜਿਲਾ ਪਠਾਨਕੋਟ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਹੋਇਆ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਂਣੀ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੈ ਬਾਰੇ ਦੱਸਦਿਆਂ ਕੀਤਾ। 

ਉਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਪਰਾਲੀ ਦੀ ਕੋਈ ਵੀ ਸਮੱਸਿਆ ਨਹੀਂ ਹੈ। ਉਨਾਂ ਕਿਹਾ ਕਿ ਗੁਜਰ ਭਾਈਚਾਰਾ ਹੋਣ ਕਰਕੇ ਪਰਾਲੀ ਦੀ ਕੋਈ ਸਮੱਸਿਆ ਨਹੀਂ ਹੈ ਜਿਵੈ ਹੀ ਅਸੀਂ ਝੋਨੇ ਦੀ ਕਟਾਈ ਕੰਬਾਇੰਨ ਨਾਲ ਕਰਦੇ ਹਾਂ ਤਾਂ ਗੁਜਰ ਭਾਈਚਾਰੇ ਦੇ ਲੋਕ ਅਪਣੇ ਕਟਰ ਲੈ ਕੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਅੰਦਰ ਖੇਤਾਂ ਨੂੰ ਖਾਲੀ ਕਰ ਦਿੰਦੇ ਹਨ ਅਤੇ ਪਰਾਲੀ ਸੰਭਾਲ ਲੈਂਦੇ ਹਨ। ਉਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਨਾਂ ਵੱਲੋਂ ਕਦੀ ਵੀ ਖੇਤਾਂ ਅੰਦਰ ਪਰਾਲੀ ਜਾਂ ਕਣਕ ਦੀ ਰਹਿੰਦ ਖੁੰਹਦ ਨੂੰ ਅੱਗ ਨਹੀਂ ਲਗਾਈ ਗਈ ਜਿਸ ਦਾ ਨਤੀਜਾਂ ਇਹ ਨਿਕਲਦਾ ਹੈ ਕਿ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ। 

ਉਨਾਂ ਕਿਹਾ ਕਿ ਉਨਾਂ ਦੀ ਪਿੰਡ ਭੋਆ ਵਿਖੇ 10 ਏਕੜ ਜਮੀਨ ਹੈ ਅਤੇ ਉਹ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਇਸ ਵਾਰ ਝੋਨਾ ਲਗਾਇਆ ਹੈ ਲੇਬਰ ਦੀ ਕਮੀ ਹੋਣ ਕਰਕੇ ਕਝ ਝੋਨਾ ਕੇਰ ਕੇ ਵੀ ਲਗਾਇਆ ਗਿਆ ਹੈ ਜਿਸ ਨੂੰ ਸਿੱਧੀ ਬਿਜਾਈ ਕਿਹਾ ਜਾਂਦਾ ਹੈ। ਝੋਨੇ ਦੀ ਫਸਲ ਬਹੁਤ ਹੀ ਵਧੀਆ ਹੋਈ ਹੈ ਅਤੇ ਸੰਭਾਵਿਤ ਹੈ ਕਿ ਆਉਂਣ ਵਾਲੇ ਸਮੇਂ ਵਿੱਚ ਹੋਰ ਵੀ ਕਿਸਾਨ ਦੇਖ ਕੇ ਪ੍ਰੇਰਿਤ ਹੋਣਗੇ ਅਤੇ ਸਿੱਧੀ ਬਿਜਾਈ ਨੂੰ ਅਪਣਾਉਂਣਗੇ। 

ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਓ ਇਸ ਨਾਲ ਖੇਤਾਂ ਵਿੱਚਲੀ ਪੈਦਾਵਾਰ ਘੱਟਦੀ ਹੈ ਅਤੇ ਕਿਸਾਨ ਨੂੰ ਫਾਇਦੇ ਦੀ ਜਗਾ ਤੇ ਨੁਕਸਾਨ ਹੁੰਦਾ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਹੋਰ ਕਿਸਾਨਾਂ ਨੂੰ ਵੀ ਜਾਗਰੁਕ ਕੀਤਾ ਜਾਂਦਾ ਹੈ ਕਿ ਪਰਾਲੀ ਜਾਂ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਅੱਗ ਲਗਾਉਂਣ ਤੋਂ ਗੁਰੇਜ ਕਰੋ ਇਸ ਨਾਲ ਜਿੱਥੇ ਪੈਦਾਵਾਰ ਵਿੱਚ ਕਮੀ ਆਉਂਦੀ ਹੈ ਉੱਥੇ ਹੀ ਮਨੁੱਖੀ ਸਰੀਰ ਲਈ ਵੀ ਬਹੁਤ ਹਾਨੀਕਾਰਕ ਹੈ ਅੱਗ ਲਗਾਉਂਣ ਨਾਲ ਨਿਕਲੇ ਧੂੰਏ ਕਾਰਨ ਕਈ ਬੀਮਾਰੀਆਂ ਦਾ ਸਿਕਾਰ ਮਨੁੱਖ ਨੂੰ ਹੋਣਾ ਪੈਂਦਾ ਹੈ ਇਸ ਲਈ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਲਗਾਉਂਣ ਤੋਂ ਗੁਰੇਜ ਕਰੋ।