ਝੋਨੇ ਦੀ ਸੁਪਰ ਸਟਰਾਅ ਮੈਨਜਮੈਂਟ ਸਿਸਟਮ (ਐਸ.ਐਮ.ਐਸ) ਵਾਲੀ ਕੰਬਾਇਨ ਮਸ਼ੀਨਾਂ ਨਾਲ ਹੀ ਕਟਾਈ ਕੀਤੀ ਜਾਵੇ


ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਬਲਾਕ ਫਤਿਹਗੜ ਚੂੜੀਆਂ ਦੇ ਖੇਤੀਬਾੜੀ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੌਮੀ ਗ੍ਰੀਨ ਟਿ੍ਰਬਿਊਨਲ ਵਲੋਂ ਵਾਤਾਵਰਣ ਤੇ ਮਾਨਵੀ ਸਿਹਤ ਨੂੰ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਹੁੰਦੇ ਨੁਕਸਾਨ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ, ਇਸ ਕਰਕੇ ਇਸ ਸੰਸਥਾ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਸਾੜਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਣ ਵਿੱਚ ਹਾਨੀਕਾਰਕ ਗੈਸਾਂ ਰਲਦੀਆਂ ਹਨ ਜਿਸਦਾ ਮਨੁੱਖਤਾ ’ਤੇ ਬੁਰਾ ਅਸਰ ਪੈਂਦਾ ਹੈ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਖੇਤਾਂ ਵਿਚ ਧਰਤੀ ਦਾ ਤਾਪਮਾਨ ਵੱਧਣ ਕਰਕੇ ਜਰੂਰੀ ਤੱਤ ਅਤੇ ਹੋਰ ਮਿੱਤਰ ਕੀੜੇ ਵੀ ਨਸਟ ਹੋ ਜਾਂਦੇ ਹਨ।

ਖੇਤੀਬਾੜੀ ਅਧਿਕਾਰੀ ਬਲਜਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਬੇਲਰ, ਹੈਪੀ ਸੀਡਰ, ਪਰਾਲੀ ਕੁਤਰਨ ਅਤੇ ਖਿਲਾਰਨ ਲਈ ਚੌਪਰ, ਰੋਟਰੀ ਟਿਲਰ (ਰੋਟਾਵੇਟਰ), ਜ਼ੀਰੋ ਡਰਿੱਲ, ਮਲਚਰ ਆਦਿ ਦੀ ਸਿਫਾਰਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਚੌਪਰ ਚਲਾਉਣ ਤੋਂ ਬਾਅਦ ਖੇਤ ਨੂੰ ਇੱਕ ਪਾਣੀ ਲਾ ਦਿਓ ਅਤੇ ਰੋਟਾਵੇਟਰ ਨਾਲ ਇਸ ਨੂੰ ਮਿੱਟੀ ਵਿੱਚ ਮਿਲਾ ਦਿਓ। ਇਸ ਤਰੀਕੇ ਨਾਲ ਮਿੱਟੀ ਦੇ ਸੰਪਰਕ ਵਿੱਚ ਆਉਣ ਨਾਲ ਪਰਾਲੀ ਪੂਰੀ ਤਰਾਂ ਅਤੇ ਤੇਜ਼ੀ ਨਾਲ ਗਲਦੀ ਹੈ। ਉਨਾਂ ਕਿਹਾ ਕਿ ਉਹ ਆਪਣੀ ਝੋਨੇ ਦੀ ਫਸਲ ਨੂੰ ਸੁਪਰ ਸਟਰਾਅ ਮੈਨਜਮੈਂਟ ਸਿਸਟਮ (ਐਸ.ਐਮ.ਐਸ) ਵਾਲੀ ਕੰਬਾਇਨ ਮਸ਼ੀਨਾਂ ਨਾਲ ਹੀ ਕਟਾਈ ਕਰਵਾਉਣ ਜੋ ਕਿ ਝੋਨਾ ਵੱਢਦੇ ਸਮੇਂ ਪਰਾਲੀ ਨੂੰ ਕੁਤਰਾ ਕਰਕੇ ਇਕ-ਸਾਰ ਖਿਲਾਰ ਦਿੰਦੀ ਹੈ ਅਤੇ ਇਸ ਤਰਾਂ ਦੀ ਕੰਬਾਇਨ ਨਾਲ ਵਾਢੀ ਤੋਂ ਬਾਅਦ ਹੈਪੀਸੀਡਰ ਅਤੇ ਖੁੱਲੀਆਂ ਕਤਾਰਾਂ ਵਾਲੀ ਜ਼ੀਰੋ ਟਿੱਲ ਡਰਿੱਲ ਨਾਲ ਕਣਕ ਦੀ ਬਿਜਾਈ ਹੋ ਸਕਦੀ ਹੈ। ਉਨਾਂ ਕਿਹਾ ਕਿ ਨਾੜ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਤੱਤਾਂ ਦੀ ਪੂਰਤੀ ਲਈ ਘੱਟ ਖਾਦਾਂ ਦੀ ਲੋੜ ਪੈਂਦੀ ਹੈ ਅਤੇ ਜ਼ਮੀਨ ਦੀ ਬਣਤਰ, ਪਾਣੀ ਦੇ ਜ਼ਮੀਨ ਵਿੱਚ ਰਿਸਾਅ ਅਤੇ ਜੈਵਿਕ ਕਾਰਬਨ ਨੂੰ ਸੁਧਾਰਿਆ ਜਾ ਸਕਦਾ ਹੈ।