ਅਵਾਰਾ ਪਸ਼ੂਆਂ 'ਤੇ ਹਰ ਸਾਲ ਕਰੋੜਾਂ ਰੁਪਏ ਖ਼ਰਚਦੀ ਹੈ ਸਰਕਾਰ, ਨਿਜਾਤ ਫਿਰ ਵੀ ਨਹੀਂ!!! (ਨਿਊਜ਼ਨੰਬਰ ਖ਼ਾਸ ਖ਼ਬਰ)

ਅਵਾਰਾ ਪਸ਼ੂਆਂ ਦੇ ਨਾਲ ਵਾਹਨ ਟਕਰਾਉਣ ਦੇ ਨਾਲ ਰੋਜ਼ਾਨਾਂ ਹੀ ਸੈਂਕੜੇ ਹਾਦਸੇ ਹੋ ਰਹੇ ਹਨ ਅਤੇ ਰੋਜ਼ਾਨਾਂ ਹੀ ਕਈ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀ ਜਾਨ ਵੀ ਗਵਾਹ ਰਹੇ ਹਨ। ਪਰ ਹਾਕਮ ਧਿਰ 'ਤੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਕੇਂਦਰ ਵਿਚਲੀ ਮੋਦੀ ਸਰਕਾਰ ਜੋ ਕਿ ਹਮੇਸ਼ਾ ਹੀ ਪਸ਼ੂਆਂ ਦੇ ਹੱਕ ਵਿੱਚ ਖੜਦੀ ਆਈ ਹੈ ਅਤੇ ਪਸ਼ੂਆਂ 'ਤੇ ਜ਼ੁਲਮ ਢਾਹੁਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਦੀ ਕਰਦੀ ਆਈ ਹੈ ਅਤੇ ਹੁਣ ਵੀ ਕਰ ਰਹੀ ਹੈ, ਪਰ ਇਹੀ ਹਕੂਮਤ ਇਨਸਾਨ ਵਿਰੋਧੀ ਵੀ ਹੈ, ਜੋ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੇ ਵਿੱਚ ਨਾਕਾਮ ਸਾਬਤ ਹੋਈ ਹੈ।

ਦੱਸ ਦਈਏ ਕਿ ਹਰ ਸਾਲ ਹੀ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਅਤੇ ਕੇਂਦਰ ਸਰਕਾਰ ਕਰੋੜਾਂ ਰੁਪਏ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਖ਼ਰਚ ਕਰਦੀ ਹੈ, ਪਰ ਫਿਰ ਵੀ ਇਹ ਅਵਾਰਾ ਪਸ਼ੂਆਂ ਨੂੰ ਠੱਲ ਨਹੀਂ ਪੈਂਦੀ। ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਨਿਕਲੇ ਪੈਸੇ ਦੀ ਹਮੇਸ਼ਾ ਹੀ ਹਾਕਮ ਧਿਰਾਂ ਦੁਰਵਰਤੋਂ ਕਰਦੀਆਂ ਆਈਆਂ ਹਨ ਅਤੇ ਹੁਣ ਵੀ ਕਰ ਰਹੀਆਂ ਹਨ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਵਾਸਤੇ ਟੈਕਸ ਦੇ ਰੂਪ ਪੈਸਾ ਤਾਂ ਹਰ ਕਿਸੇ ਦੀ ਜੇਬ ਵਿੱਚੋਂ ਕਢਵਾਇਆ ਜਾਂਦਾ ਹੈ, ਪਰ ਕਦੇ ਵੀ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਤਾੜਿਆ ਨਹੀਂ ਜਾਂਦਾ।

ਵੈਸੇ, ਉਸ ਟੈਕਸ ਦਿੱਤੇ ਦਾ ਹੀ ਕੀ ਫ਼ਾਇਦਾ, ਜਿਸ ਦੇ ਨਾਲ ਜਨਤਾ ਦਾ ਭਲਾ ਨਾ ਹੁੰਦਾ ਹੋਵੇ। ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਲੋਕਾਂ ਤੱਕ ਕੋਰੋਨਾ ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਰੋਟੀ ਸਮੇਂ ਸਿਰ ਨਹੀਂ ਪੁੱਜ ਸਕੀ, ਉੱਥੇ ਹੀ ਦੂਜੇ ਪਾਸੇ ਗਊਸ਼ਾਲਾ ਲਈ ਸਰਕਾਰਾਂ ਨੇ ਕਰੋੜਾਂ ਰੁਪਏ ਜ਼ਾਰੀ ਕਰ ਦਿੱਤੇ। ਜਾਣਕਾਰੀ ਦੇ ਮੁਤਾਬਿਕ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵੱਲੋਂ ਫਿਰੋਜ਼ਪੁਰ ਛਾਉਣੀ ਸਥਿਤ ਗੋਪਾਲ ਗਊਸ਼ਾਲਾ ਲਈ 15 ਲੱਖ ਰੁਪਏ ਦਿੱਤੇ ਗਏ।

ਵਿਧਾਇਕ ਨੇ ਦਾਅਵਾ ਕਰਦਿਆਂ ਦੱਸਿਆ ਕਿ ਇਸ ਗ੍ਰਾਂਟ ਨਾਲ ਗਊਸ਼ਾਲਾ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਇਸ ਗਊਸ਼ਾਲਾ ਵਿੱਚ ਰੱਖਿਆ ਜਾਵੇਗਾ ਅਤੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਪਿੰਕੀ ਨੇ ਕਿਹਾ ਕਿ ਗਊਸ਼ਾਲਾ ਮੈਨੇਜਮੈਂਟ ਵੱਲੋਂ ਗਊਸ਼ਾਲਾ ਵਿੱਚ ਸ਼ੈੱਡ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਮੰਗੀ ਕੀਤੀ ਗਈ ਸੀ, ਉਨ੍ਹਾਂ ਦੀ ਮੰਗ ਪੂਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਸ ਲਈ 5 ਨਹੀਂ, ਬਲਕਿ 15 ਲੱਖ ਰੁਪਏ ਜਾਰੀ ਕਰਵਾ ਕੇ ਗਊਸ਼ਾਲਾ ਮੈਨੇਜਮੈਂਟ ਸੌਂਪ ਦਿੱਤੇ ਗਏ ਹਨ।

ਦੱਸਣਾ ਬਣਦਾ ਹੈ ਕਿ ਐਹੋ ਜਿਹੀਆਂ ਗਊ ਸ਼ਾਲਾਵਾਂ ਨੂੰ ਹਰ ਸਾਲ ਹੀ ਕਰੋੜਾਂ ਰੁਪਏ ਸਰਕਾਰਾਂ ਦੇ ਵੱਲੋਂ ਜ਼ਾਰੀ ਕੀਤੇ ਜਾਂਦੇ ਹਨ, ਪਰ ਫਿਰ ਵੀ ਇਹ ਗਊ ਸ਼ਾਲਾਵਾਂ ਦੇ ਮਾਲਕ ਬਣੇ ਬੈਠੇ ਲੋਕਾਂ ਦੇ ਵੱਲੋਂ ਅਵਾਰਾ ਪਸ਼ੂਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ। ਹਾਦਸਿਆਂ ਨੂੰ ਸੱਦਾ ਦੇਣ ਵਾਸਤੇ ਅਵਾਰਾ ਪਸ਼ੂਆਂ ਨੂੰ ਸੜਕਾਂ 'ਤੇ ਛੱਡ ਦਿੱਤਾ ਜਾਂਦਾ ਹੈ। ਵੈਸੇ, ਹਰ ਸਾਲ ਕਰੋੜਾਂ ਰੁਪਏ ਇਨ੍ਹਾਂ ਗਊ ਸ਼ਾਲਾਵਾਂ 'ਤੇ ਖ਼ਰਚੇ ਤਾਂ ਸਰਕਾਰ ਵੱਲੋਂ ਜ਼ਰੂਰ ਜਾਂਦੇ ਹਨ, ਪਰ ਅਵਾਰਾ ਪਸ਼ੂਆਂ ਤੋਂ ਲੋਕਾਂ ਨੂੰ ਫਿਰ ਵੀ ਨਿਜ਼ਾਤ ਨਹੀਂ ਮਿਲਦੀ।

ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿੱਚ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਗਊਸ਼ਾਲਾ ਵਿੱਚ ਸ਼ੈੱਡ ਤਿਆਰ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਸੜਕਾਂ ਬਜਾਰਾ ਵਿੱਚ ਘੰਮ ਰਹੇ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਲਿਆ ਕੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵੀ ਖਰਚ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਤੋਂ ਆ ਰਹੀ ਸਮੱਸਿਆ ਦਾ ਵੀ ਹੱਲ ਹੋਵੇਗਾ ਤੇ ਨਾਲ ਹੀ ਸੜਕ ਹਾਦਸਿਆਂ ਨੂੰ ਵੀ ਠੱਲ ਪਵੇਗੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਦੀ ਗੋਪਾਲ ਗਊਸ਼ਾਲਾ ਦੇ ਵਿਸਥਾਰ ਨਾਲ ਇੱਥੇ ਗਊ-ਧਨ ਰੱਖਣ ਦੀ ਸਮਰੱਥਾ ਵਿੱਚ ਵਾਧਾ ਹੋਏਗਾ।