ਸੁੱਤਿਆ ਜਾਗ ਵੇ ਅੰਨਿਆ (ਵਿਅੰਗ)

ਸੋਸ਼ਲ ਮੀਡੀਆ ਤੇ ਬੜਾ ਕੁੱਝ ਚੱਲ ਰਿਹਾ ਹੈ। ਕੋਈ ਚੌਕੀਦਾਰ ਨੂੰ ਕੋਸ ਰਿਹਾ ਹੈ, ਕੋਈ ਅੰਨਾ ਹਜ਼ਾਰੇ ਨੂੰ। ਅੰਨਾ ਹਜ਼ਾਰੇ ਨੂੰ ਤਾਂ ਲੋਕ ਮਰਿਆ ਕਰਾਰ ਦੇ ਰਹੇ ਹਨ। ਖ਼ੈਰ, ਅੰਨਾ ਤਾਂ ਮੋਦੀ ਰਾਜ ਵਿੱਚ ਡੰਡ ਬੈਠਕਾਂ ਮਾਰ ਰਿਹਾ ਹੈ। ਵੈਸੇ, ਮੋਦੀ ਦਾ ਆਈ.ਟੀ. ਸੈੱਲ ਹੈਗਾ ਬਹੁਤ ਸ਼ੈਤਾਨ ਐ, ਇੱਕ ਮਿੰਟ ਵਿੱਚ ਅਫ਼ਵਾਹ ਫੈਲਾਅ ਦਿੰਦਾ ਕਿ ਅੰਨਾ ਦੀ ਮੌਤ ਹੋ ਗਈ, ਪਰ ਇਹ ਗੱਲ ਮੋਦੀ ਆਈ.ਟੀ. ਸੈੱਲ ਨੂੰ ਦਿਸਦੀ ਨਹੀਂ ਕਿ ਅੰਨ੍ਹਾ ਜਿਉਂਦਾ ਹੀ ਕਦੋਂ ਸੀ? ਮੌਤ ਦੀ ਅਫ਼ਵਾਹ ਨੇ ਅੰਨ੍ਹੇ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ।

ਮੋਦੀ ਦੇ ਗੋਦੀ ਮੀਡੀਆ ਦਫ਼ਤਰੋਂ ਭੱਜ ਕੇ ਉੱਠ ਕੇ, ਅੰਨ੍ਹਾ ਦੀ ਇੰਟਰਵਿਊ ਅਤੇ ਮੌਤ ਦੀ ਖ਼ਬਰ ਲੈਣ ਪਹੁੰਚੀਆਂ ਟੀਵੀ ਐਂਕਰਾਂ ਤੋਂ ਇਲਾਵਾ ਭੜਕਾਊ ਐਂਕਰਾਂ ਨੇ ਅੰਨ੍ਹਾ ਦੇ ਘਰ ਜਾ ਕੇ ਪੁੱਛਿਆ ਕਿ ਅੰਨ੍ਹਾ ਜੀ ਲੋਕੀਂ ਕਹਿ ਰਹੇ ਹਨ ਕਿ ਤੁਸੀਂ ਮਰ ਗਏ ਹੋ, ਪਰ ਤੁਸੀਂ ਤਾਂ ਜਿਉਂਦੇ ਹੋ, ਏਦਾਂ ਕਿਵੇਂ? ਅੰਨ੍ਹਾ ਨੇ ਭਰੇ ਮੰਨ ਨਾਲ ਜਵਾਬ ਦਿੱਤਾ ਕਿ ਮੈਂ ਜਿਉਂਦਾ ਹਾਂ, ਸਾਹ ਵੀ ਚੱਲਦੇ ਨੇ, ਪਰ ਮੇਰੀ ਜ਼ਮੀਰ ਮਰ ਚੁੱਕੀ ਹੈ। ਅੰਨ੍ਹਾ ਦੇ ਜੇਕਰ ਪਿਛਲੇ ਸੰਘਰਸ਼ਾਂ ‘ਤੇ ਨਿਗਾਹ ਮਾਰੀਏ ਤਾਂ ਤਤਕਾਲੀ ਕੇਂਦਰੀ ਕਾਂਗਰਸ ਸਰਕਾਰ ਦੇ ਵਿਰੁੱਧ ਭ੍ਰਿਸ਼ਟ ਅਧਿਕਾਰੀ, ਭ੍ਰਿਸ਼ਟ ਸਿਸਟਮ ਤੋਂ ਇਲਾਵਾ ਭ੍ਰਿਸ਼ਟ ਲੀਡਰਾਂ ਤੋਂ ਇਲਾਵਾ ਕਾਲਾ ਧਨ ਵਿਦੇਸ਼ਾਂ ਤੋਂ ਭਾਰਤ ਲਿਆਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਸੀ।

ਅੰਨ੍ਹਾ ਦੇ ਨਾਲ ਉਸ ਦਾ ਸਾਥੀ ਅਰਵਿੰਦ ਕੇਜਰੀਵਾਲ ਵੀ ਸੀ। ਕੇਜਰੀਵਾਲ, ਇਹ ਉਹੀ ਬੰਦਾ ਹੈ, ਜਿਸ ‘ਤੇ ਭ੍ਰਿਸ਼ਟਾਚਾਰੀਆਂ ਅਤੇ ਠੱਗੀਆਂ ਮਾਰਨ ਦੇ ਦੋਸ਼ ਲੱਗੇ ਹਨ ਅਤੇ ਇਹ ਉਕਤ ਕੇਸਾਂ ਵਿੱਚੋਂ ਬਰੀ ਨਹੀਂ ਹੋਇਆ। ਪਰ ਅੰਨ੍ਹਾ ਹਜ਼ਾਰੇ ਬੇਸ਼ੱਕ ਭ੍ਰਿਸ਼ਟਾਚਾਰੀ ਦੇ ਦੋਸ਼ਾਂ ਤੋਂ ਬਚ ਗਿਆ ਹੈ, ਪਰ ਅੰਨ੍ਹਾ ਦੇ ਵਿਰੁੱਧ ਜੋ ਸੰਘਰਸ਼ ਦੀ ਹਵਾ ਚੱਲੀ ਹੈ, ਉਹ ਬੇਹੱਦ ਤੇਜ਼ ਹੋ ਚੁੱਕੀ ਹੈ। ਅੰਨ੍ਹਾ ਹਜ਼ਾਰੇ ਉਦੋਂ ਬਹੁਤ ਜ਼ਿਆਦਾ ਬੋਲਦਾ ਹੁੰਦਾ ਸੀ, ਜਦੋਂ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ, ਪਰ ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਅੰਨ੍ਹਾ ਦੇ ਮੂੰਹ ‘ਤੇ ਪੱਕੀ ਚੇਪੀ ਲੱਗ ਚੁੱਕੀ ਹੈ। ਜਾਣਕਾਰੀ ਦੇ ਮੁਤਾਬਿਕ ਜਦੋਂ, 2012-13 ਵਿੱਚ ਕੇਜਰੀਵਾਲ ਨੇ ਅੰਨ੍ਹਾ ਦਾ ਸਾਥ ਛੱਡਿਆ ਤਾਂ, ਅੰਨ੍ਹਾ ਦਾ ਭੁੱਖ ਹੜਤਾਲ ਵਾਲਾ ਸੰਘਰਸ਼ ਅੱਧ ਵਿਚਾਲੇ ਹੀ ਟੁੱਟ ਭੱਜ ਗਿਆ।

ਅੰਨ੍ਹਾ ਹਜ਼ਾਰੇ ਆਰਐਸਐਸ ਦਾ ਉਹ ਬੰਦਾ ਹੈ, ਜਿਹੜਾ ਚੁੱਪੀ ਵੱਟ ਕੇ, ਅਜਿਹੇ ਦੰਗ ਕਰਵਾ ਦਿੰਦਾ ਹੈ, ਜੋ ਕਦੇ ਕਿਸੇ ਨੇ ਸੋਚੇ ਵੀ ਨਹੀਂ ਹੁੰਦੇ। ਹਿੰਦੂਤਵੀ ਸੋਚ ਰੱਖਣ ਵਾਲੇ ਅੰਨ੍ਹਾ ਹਜ਼ਾਰੇ ਨੂੰ ਭਾਰਤੀਆਂ ਦੀ ਹੋ ਰਹੀ ਲੁੱਟ ਇਸ ਵਕਤ ਵਿਖਾਈ ਨਹੀਂ ਦੇ ਰਹੀ। ਕਿਉਂਕਿ ਇਹ ਅੰਨ੍ਹਾ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਚ ਪੂਰਾ ਜ਼ੋਰ ਲਗਾ ਰਿਹਾ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਅੰਨ੍ਹਾ ਹਜ਼ਾਰੇ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਜਿਹਾ ਚੁੱਪ ਕਰਿਆ ਹੈ, ਜਿਵੇਂ ਇਹ ਅੰਨ੍ਹਾ ਸੱਚ ਮੁੱਚ ਅੰਨ੍ਹਾ ਹੋ ਕੇ ਅਜਾਈਂ ਮੌਤ ਮਰ ਗਿਆ ਹੋਵੇ।

ਗੋਦੀ ਮੀਡੀਆ ਸੁੱਤੀ ਸਰਕਾਰ ਨੂੰ ਤਾਂ ਜਗ੍ਹਾ ਨਹੀਂ ਪਾ ਰਿਹਾ, ਪਰ ਸੰਘਰਸ਼ ਕਰਦੇ ਲੋਕਾਂ ਨੂੰ ਜ਼ਰੂਰ ਅੱਤਵਾਦੀ ਵੱਖਵਾਦੀ ਅਤੇ ਟੁੱਕੜੇ ਟੁੱਕੜੇ ਗੈਂਗ ਦੱਸ ਰਿਹਾ ਹੈ। ਮੋਦੀ ਹਕੂਮਤ ਦੇ ਵੱਲੋਂ ਜਦੋਂ ਤੋਂ ਸੱਤਾ ਸੰਭਾਲੀ ਹੈ, ਉਦੋਂ ਤੋਂ ਲੈ ਕੇ ਹੀ ਲੋਕ ਵਿਰੋਧੀ ਫ਼ੈਸਲੇ ਕੀਤੇ ਹਨ। ਵਾਅਦੇ ਤਾਂ ਮੋਦੀ ਨੇ ਵਿਦੇਸ਼ਾਂ ਵਿੱਚ ਜਮਾਂ ਕਾਲਾ ਧਨ ਭਾਰਤ ਲਿਆਉਣ ਦੇ ਕੀਤੇ ਸਨ, ਪ੍ਰਤੀ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਕੀਤੇ ਸਨ, 15/15 ਲੱਖ ਰੁਪਏ ਹਰ ਭਾਰਤੀ ਦੇ ਖਾਤੇ ਵਿੱਚ ਪਾਉਣ ਦੇ ਵਾਅਦੇ ਕੀਤੇ ਸਨ, ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਦਿਵਾਉਣ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦੇ ਕੀਤੇ ਸਨ, ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਉਣ ਦੇ ਵਾਅਦੇ ਕੀਤੇ ਸਨ।

ਪਰ ਇਹ ਵਾਅਦੇ ਤਾਂ ਹੁਣ ਤੱਕ ਮੋਦੀ ਨੇ ਪੂਰੇ ਨਹੀਂ ਕੀਤੇ, ਉਲਟਾ ਦੇਸ਼ ਨੂੰ ਵੇਚਣ ‘ਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਭਾਰਤ ਦੇਸ਼ ਦੇ ਅਨੇਕਾਂ ਵਿਭਾਗ ਵਿੱਕ ਚੁੱਕੇ ਹਨ, ਕਰੋੜਾਂ ਨੌਜਵਾਨ ਬੇਰੁਜ਼ਗਾਰ ਹੋ ਚੁੱਕੇ ਹਨ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਅਥਾਹ ਵਾਧਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਜਿਹੜੇ ਵਾਅਦੇ ਮੋਦੀ ਨੇ ਜਨਤਾ ਦੇ ਨਾਲ ਕੀਤੇ ਹੀ ਨਹੀਂ ਸਨ, ਉਨ੍ਹਾਂ ਵਾਅਦਿਆਂ ਵਿੱਚ ਨੋਟਬੰਦੀ, ਜੀਐਸਟੀ, ਪਟੇਲ ਦੀ ਮੂਰਤੀ, ਰਾਮ ਮੰਦਰ ਬਣਾਉਣ, ਜੰਮੂ ਕਸ਼ਮੀਰ ਵਿੱਚੋਂ ਧਾਰਾ 370, 35-ਏ ਹਟਾਉਣ, ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨ, ਖੇਤੀ ਆਰਡੀਨੈਂਸ, ਕਿਰਤੀ ਕਾਨੂੰਨ ਵਿੱਚ ਸੋਧ ਕਰਨ, ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਭਾਸ਼ਾ ਖ਼ਤਮ ਕਰਨ ਅਤੇ ਇੱਕ ਦੇਸ਼ ਇੱਕ ਭਾਸ਼ਾ ਵਾਲਾ ਭਾਰਤ ਬਣਾਉਣ ਦਾ ਵਾਅਦੇ ਕੀਤੇ ਹੀ ਨਹੀਂ ਸਨ, ਪਰ ਇਨ੍ਹਾਂ ਨੂੰ ਮੋਦੀ ਨੇ ਧੱਕੇ ਦੇ ਨਾਲ ਭਾਰਤ ਦੀ ਜਨਤਾ ‘ਤੇ ਥੋਪ ਦਿੱਤਾ ਅਤੇ ਭਾਰਤੀਆਂ ਨੂੰ ਮੁੜ ਤੋਂ ਗ਼ੁਲਾਮ ਬਣਾ ਲਿਆ ਹੈ।

ਦੇਸ਼ ਦੇ ਵੱਡੇ ਵੱਡੇ ਚੋਰ, ਲੁਟੇਰੇ ਅਤੇ ਠੱਗ ਵਿਦੇਸ਼ਾਂ ਨੂੰ ਭੱਜ ਚੁੱਕੇ ਹਨ, ਪਰ ਦੇਸ਼ ਦਾ ਚੌਕੀਦਾਰ ਅਖਵਾਉਣ ਵਾਲਾ ਮੋਦੀ ਹੁਣ ਤੱਕ ਠੱਗਾਂ ਚੋਰਾਂ ਅਤੇ ਲੁਟੇਰਿਆਂ ਨੂੰ ਫੜ ਨਹੀਂ ਸਕਿਆ, ਇਸ ਤੋਂ ਇਲਾਵਾ ਨਾ ਹੀ ਅੰਨ੍ਹਾ ਨੇ ਚੁੱਪੀ ਤੋੜੀ ਹੈ। ਮੋਦੀ ਦੀ ਦੇਸ਼ ਵੇਚੂ ਮੁਹਿੰਮ ਦੇ ਖ਼ਿਲਾਫ਼ ਇੱਕ ਸ਼ਬਦ ਵੀ ਅੰਨ੍ਹਾ ਹਜ਼ਾਰੇ ਬੋਲ ਨਹੀਂ ਸਕਿਆ, ਕਿਉਂਕਿ ਅੰਨ੍ਹਾ ਦੀ ਜ਼ਮੀਰ ਮਰ ਚੁੱਕੀ ਹੈ। ਇਸੇ ਲਈ ਤਾਂ ਸਿਆਣੇ ਕਹਿੰਦੇ ਨੇ, ਕਿ ਜਿਹੜੇ ਬੰਦੇ ਦੀ ਜ਼ਮੀਰ ਮਰ ਜਾਵੇ, ਉਹ ਬੰਦਾ ਮੋਇਆ ਦੇ ਬਰਾਬਰ ਹੁੰਦਾ ਹੈ।