ਪਿੰਡ ਢਾਕੀ ਸੈਦਾਂ ਦਾ ਕਿਸਾਨ ਸੰਸਾਰ ਸਿੰਘ ਨੇ ਪਿਛਲੇ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਗੈਰ ਸਾੜੇ ਕਰ ਰਿਹਾ ਫਸਲਾਂ ਦੀ ਕਾਸ਼ਤ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੁਕ ਕਰਨ ਲਈ ਵਿਸ਼ੇਸ ਮੂਹਿੰਮ ਚਲਾਈ ਗਈ ਹੈ ਜਿਸ ਅਧੀਨ ਸਬੰਧਤ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਜਾਗਰੁਕ ਵੀ ਕੀਤਾ ਜਾ ਰਿਹਾ ਹੈ । ਜਿਲਾ ਪਠਾਨਕੋਟ ਦੇ ਪਿੰਡ ਢਾਕੀ ਸੈਦਾਂ ਦਾ ਨਿਵਾਸੀ ਕਿਸਾਨ ਸੰਸਾਰ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਗੇਰ ਸਾੜੇ ਫਸਲਾ ਦੀ ਕਾਸਤ ਕਰ ਰਿਹਾ ਹੈ। ਜਿਸ ਨੂੰ ਦੇਖਦਿਆਂ ਸਾਲ 2019 ਵਿੱਚ ਜਿਲਾ ਪ੍ਰਸਾਸਨ ਵੱਲੋਂ ਪਿੰਡ ਚੋਹਾਨਾਂ ਵਿੱਚ ਮਨਾਏ ਮੱਕੀ ਖੇਤ ਦਿਵਸ ਤੇ ਯਾਦਗਾਰ ਚਿਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੀ। 

ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਦੇ ਪਿੰਡ ਢਾਕੀ ਸੈਦਾਂ ਦੇ ਕਿਸਾਨ ਸੰਸਾਰ ਸਿੰਘ ਪੁੱਤਰ ਕਰਨੈਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਕਣਕ ,ਝੋਨਾ ੳਤੇ ਮੱਕੀ ਦੀ ਕਾਸਤ ਕਰਕੇ ਇਲਾਕੇ ਦੇ ਕਿਸਾਨਾਂ ਲਈ  ਰਾਹ ਦਸੇਰੇ ਦਾ ਕੰਮ ਕਰ ਰਿਹਾ ਹੈ। ਉਸ ਦੀ ਕੁੱਲ ਮਾਲਕੀ 14 ਏਕੜ ਹੈ ਅਤੇ 15 ਏਕੜ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰ ਰਿਹਾ ਹੈ।

ਸੰਸਾਰ ਸਿੰਘ ਵੱਲੋਂ ਅਜਿਹਾ ਕਰਕੇ ਖੇਤੀ ਲਾਗਤ ਖਰਚੇ ਘਟਾਏ ਹਨ ਉਥੇ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।ਸੰਸਾਰ ਸਿੰਘ ਦਾ ਕਹਿਣਾ ਹੈ ਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ,ਇਸ ਨੂੰ ਰੋਕਣ ਦੀ ਜ਼ਰੁਰਤ ਹੈ।

ਉਨਾਂ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਸਾਹ ਲੈਣ ਚ ਤਕਲੀਫ,ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।

ਉਨਾਂ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਖੇਤਾਂ ਵਿੱਚ ਖਿਲਾਰ ਕੇ ਤਵੀਆਂ ਨਾਲ ਖੇਤ ਵਿੱਚ ਮਿਲਾ ਦਿੱਤਾ ਜਾਂਦਾ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ।ਉਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਵਿੱਚ ਗਲ ਜਾਂਦੀ ਹੈ ੳਤੇ ਟਿਲਰਾਂ ਨਾਲ ਦੋਹਰ ਪਾ ਕੇ ਕਣਕ ਦੀ ਬਿਜਾਈ ਬੀਜ ਡਰਿੱਲ ਨਾਲ ਕਰ ਦਿੱਤੀ ਜਾਂਦੀ ਹੈ।

ਉਨਾਂ ਦਾ ਕਹਿਣਾ ਹੈ ਕਿ ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਣ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਉਦਯੋਗੀ ਪ੍ਰਦੂਸ਼ਣ,ਦੀਵਾਲੀ ਮੌਕੇ ਆਤਿਸ਼ਬਾਜ਼ੀ ਦਾ ਪ੍ਰਦੂਸ਼ਣ,ਭਠਿਆਂ ਦਾ ਪ੍ਰਦੂਸ਼ਣ, ਸ਼ਹਿਰਾਂ ਦੀ ਰਹਿੰਦ ਖੂੰਹਦ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਵੀ ਰੋਕਣ ਦੀ ਜ਼ਰੂਰਤ ਹੈ।

ਸੰਸਾਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ। ਸੰਸਾਰ ਸਿੰਘ ਆਪਣੇ ਇਲਾਕੇ ਦੇ ਦੇਸੀ ਮੱਕੀ ਕਾਸ਼ਤਕਾਰਾਂ ਦਾ ਸਮੂਹ ਬਣਾ ਕੇ ਪਠਾਨਕੋਟ ਜ਼ਿਲੇ ਅਤੇ ਪੰਜਾਬ ਦੇ ਹੋਰਨਾਂ ਜ਼ਿਲਿਆਂ ਵਿੱਚ ਮੱਕੀ ਅਤੇ ਮੱਕੀ ਦਾ ਆਟਾ ਖਪਤਕਾਰਾਂ ਨੂੰ ਸਿਧਿਆਂ ਵੇਚ ਕੇ ਆਪਣੀ ਅਤੇ ਹੋਰਨਾਂ ਕਿਸਾਨਾਂ ਦੀ ਖੇਤੀ ਆਮਦਨ ਵਦਾਉਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।