ਪੰਜਗਰਾਈਆਂ ਦਾ ਕਿਸਾਨ ਕੰਵਲਜੀਤ ਸਿੰਘ ਲਾਲੀ ਨਾੜ ਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਰ ਰਿਹਾ ਫਸਲਾਂ ਦੀ ਕਾਸ਼ਤ
 ‘ਬਲਿਹਾਰੀ ਕੁਦਰਤ ਵਸਿਆ’ ਦੇ ਫਸਲਫੇ ’ਤੇ ਚੱਲਦਿਆਂ ਬਟਾਲਾ ਨੇੜਲੇ ਪਿੰਡ ਪੰਜਗਰਾਈਆਂ ਦੇ ਕਿਸਾਨ ਕੰਵਲਜੀਤ ਸਿੰਘ ਲਾਲੀ ਨੇ ਪਿਛਲੇ ਪੰਜ ਸਾਲ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀ ਕਰਕੇ ਨਵੀਆਂ ਪੈੜਾਂ ਪਾਈਆਂ ਹਨ। ਕੰਵਲਜੀਤ ਸਿੰਘ ਦੇ ਇਸ ਉਪਰਾਲੇ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਤ ਹੋਣ ਤੋਂ ਬਚਿਆ ਹੈ ਓਥੇ ਉਸਦੀਆਂ ਫਸਲਾਂ ਦਾ ਝਾੜ ਵੀ ਪਹਿਲਾਂ ਨਾਲੋਂ ਵੱਧ ਨਿਕਲਿਆ ਹੈ।

ਕਿਸਾਨ ਕੰਵਲਜੀਤ ਸਿੰਘ ਲਾਲੀ ਕੋਲ ਪਿੰਡ ਪੰਜਗਰਾਈਆਂ ਵਿਖੇ 20 ਏਕੜ ਦੀ ਖੇਤੀ ਹੈ। ਇਸ ਵਾਰ ਸਾਓਣੀ ਦੀ ਫਸਲ ਵਿੱਚ ਉਸਨੇ 13 ਏਕੜ ਪਰਮਲ, 2 ਏਕੜ ਬਾਸਮਤੀ, ਡੇਢ ਕਿਲਾ ਮੱਕੀ, 3 ਏਕੜ ਕਮਾਦ ਅਤੇ ਕੁਝ ਰਕਬਾ ਹਰਾ ਚਾਰਾ ਬੀਜਿਆ ਸੀ। ਪਾਣੀ ਬਚਾਉਣ ਦਾ ਤਜ਼ਰਬਾ ਕਰਦਿਆਂ ਉਸ ਵਲੋਂ ਡੇਢ ਏਕੜ ਕਮਾਦ ਤੁਪਕਾ ਸਿੰਚਾਈ ਤਕਨੀਕ ਨਾਲ ਬੀਜਿਆ ਗਿਆ ਹੈ।

ਕਿਸਾਨ ਕੰਵਲਜੀਤ ਸਿੰਘ ਲਾਲੀ ਦੱਸਦਾ ਹੈ ਕਿ ਉਸਨੇ ਖੇਤੀਬਾੜੀ ਵਿਭਾਗ ਦੀ ਸਲਾਹ ਉਪਰ ਅਮਲ ਕਰਦਿਆਂ 5 ਸਾਲ ਪਹਿਲਾਂ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਤੌਬਾ ਕਰ ਲਈ ਸੀ। ਉਹ ਹਰ ਸਾਲ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਬਿਜਾਈ ਕਰਦਾ ਹੈ।

ਕੰਵਲਜੀਤ ਸਿੰਘ ਨੇ ਆਪਣੇ ਪਿੰਡ ਅਤੇ ਇਲਾਕੇ ਦੇ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਕਿਸਾਨ ਸੈਲਫ ਹੈਲਪ ਗਰੁੱਪ ਬਣਾਇਆ ਹੈ। ਇਸ ਗਰੁੱਪ ਦੇ ਰਾਹੀਂ ਉਨਾਂ ਨੇ ਪੰਜਾਬ ਸਰਕਾਰ ਕੋਲੋਂ ਸਬਸਿਡੀ ਉੱਪਰ ਖੇਤੀ ਸੰਦ ਲੈ ਕੇ ‘ਖੇਤੀ ਸੰਦ ਬੈਂਕ’ ਸਥਾਪਤ ਕੀਤਾ ਹੈ। ਇਸ ਖੇਤੀ ਸੰਦ ਬੈਂਕ ਵਿੱਚ ਉਨਾਂ ਕੋਲ ਇੱਕ ਮਲਚਰ, ਹੈਪੀਸੀਡਰ, ਜ਼ੀਰੋ ਡਰਿੱਲ ਅਤੇ ਚੌਪਰ ਵਰਗੇ ਖੇਤੀ ਸੰਦ ਮੌਜੂਦ ਹਨ। ਇਨਾਂ ਸੰਦਾਂ ਦੀ ਵਰਤੋਂ ਜਿਥੇ ਗਰੁੱਪ ਦੇ ਮੈਂਬਰ ਕਿਸਾਨ ਆਪਣੇ ਖੇਤਾਂ ਵਿੱਚ ਕਰਦੇ ਹਨ ਓਥੇ ਦੂਜੇ ਕਿਸਾਨ ਵੀ ਸਹਿਕਾਰੀ ਸਭਾਵਾਂ ਵਲੋਂ ਨਿਰਧਾਰਤ ਰੇਟਾਂ ਤਹਿਤ ਇਨਾਂ ਖੇਤੀ ਸੰਦਾਂ ਨੂੰ ਕਿਰਾਏ ਉੱਪਰ ਲਿਜਾ ਕੇ ਵਰਤ ਰਹੇ ਹਨ। ਖੇਤੀ ਮਸ਼ੀਨਰੀ ਬੈਂਕ ਸਥਾਪਤ ਕਰਨ ਬਦਲੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਕੰਵਲਜੀਤ ਸਿੰਘ ਨੂੰ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।

ਕਿਸਾਨ ਕੰਵਲਜੀਤ ਸਿੰਘ ਪੰਜਗਰਾਈਆਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਬੜੀ ਅਸਾਨੀ ਨਾਲ ਕਣਕ ਦੀ ਫਸਲ ਬੀਜ਼ੀ ਜਾ ਸਕਦੀ ਹੈ। ਉਸਨੇ ਦੱਸਿਆ ਕਿ ਪਿਛਲੀ ਵਾਰ ਉਸਨੇ ਕੰਬਾਇਨ ਰਾਹੀਂ ਝੋਨਾ ਵਢਾ ਕੇ ਪਹਿਲਾਂ ਮਲਚਰ ਨਾਲ ਪਰਾਲੀ ਨੂੰ ਕੁਤਰਾ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਜ਼ੀਰੋ ਡਰਿੱਲ ਕਣਕ ਦੀ ਬਿਜਾਈ ਕਰ ਦਿੱਤੀ ਸੀ। ਉਸਨੇ ਦੱਸਿਆ ਕਿ ਅਜਿਹਾ ਕਰਨ ਨਾਲ ਉਸਦੀ ਕਣਕ ਦੀ ਫਸਲ ਵਿਚ ਕੋਈ ਨਦੀਨ ਵੀ ਨਹੀਂ ਹੋਇਆ ਸੀ ਅਤੇ ਝਾੜ ਵੀ ਪਹਿਲਾਂ ਦੇ ਮੁਕਾਬਲੇ ਵੱਧ ਨਿਕਲਿਆ ਸੀ। ਉਸਨੇ ਦੱਸਿਆ ਕਿ ਇਸ ਸਾਲ ਵੀ ਉਹ ਪਰਾਲੀ ਨੂੰ ਅੱਗ ਲਗਾਏ ਬਗੈਰ ਮਲਚਰ ਅਤੇ ਡਰਿੱਲ ਦੀ ਮਦਦ ਨਾਲ ਕਣਕ ਦੀ ਬਿਜਾਈ ਕਰੇਗਾ।

ਦੂਸਰੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਸਾਨ ਕੰਵਲਜੀਤ ਸਿੰਘ ਲਾਲੀ ਨੇ ਕਿਹਾ ਕਿ ਮਲਚਰ ਅਤੇ ਹੈਪੀਸੀਡਰ ਨਾਲ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ, ਇਸ ਲਈ ਹਰ ਕਿਸਾਨ ਨੂੰ ਅੱਗ ਲਗਾਉਣ ਤੋਂ ਤੌਬਾ ਕਰਨੀ ਚਾਹੀਦੀ ਹੈ। ਉਸਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖੀਏ। ਉਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਇਸ ਸਬੰਧੀ ਕੋਈ ਸਲਾਹ ਲੈਣੀ ਚਾਹੁੰਦਾ ਹੋਵੇ ਜਾਂ ਉਸਦੀ ਤਕਨੀਕ ਨੂੰ ਅੱਖੀਂ ਦੇਖਣ ਦਾ ਖਾਹਿਸ਼ਮੰਦ ਹੋਵੇ ਤਾਂ ਉਹ ਪਿੰਡ ਪੰਜਗਰਾਈਆਂ ਵਿਖੇ ਉਸ ਕੋਲ ਪਹੁੰਚ ਕਰ ਸਕਦਾ ਹੈ।