ਡੇਂਗੂ ਦੇ ਮੱਛਰ ਦੇ ਖਾਤਮੇ ਲਈ ਆਪਣੇ-ਆਲੇ ਦੁਆਲੇ ਕਿਤੇ ਵੀ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ


ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਲੋਕਾਂ ਨੂੰ ਅਗਾਹ ਕੀਤਾ ਹੈ ਕਿ ਉਹ ਕੋਵਿਡ-19 ਦੀ ਬਿਮਾਰੀ ਤੋਂ ਬਚਣ ਦੇ ਨਾਲ ਮੱਛਰਾਂ ਤੋਂ ਫੈਲਣ ਵਾਲੀਆਂ ਡੇਂਗੂ, ਮਲੇਰੀਆ ਬਿਮਾਰੀਆਂ ਤੋਂ ਵੀ ਸੁਚੇਤ ਹੋਣ। ਉਨ੍ਹਾਂ ਕਿਹਾ ਕਿ ਇਸ ਸਮੇਂ ਡੇਂਗੂ ਦੇ ਕੇਸ ਮਿਲਣੇ ਸ਼ੁਰੂ ਹੋ ਗਏ ਹਨ ਅਤੇ ਕੋਰੋਨਾ ਵਾਇਰਸ ਦੇ ਚੱਲਦਿਆਂ ਡੇਂਗੂ ਦੀ ਬਿਮਾਰੀ ਹੋਰ ਵੀ ਖਤਰਨਾਕ ਸਾਬਤ ਹੋ ਸਕਦੀ ਹੈ।

ਡਾ. ਭੱਲਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਡੇਂਗੂ ਦੇ ਲਾਰਵੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਹੋਣ ਦੀ ਲੋੜ ਹੈ। ਉਨਾਂ ਦੱਸਿਆ ਕਿ ਚੱਲ ਰਹੇ ਮੌਸਮ ਵਿੱਚ ਏਡੀਜ਼ ਨਸਲ ਦੇ ਮੱਛਰਾਂ ਦਾ ਕਹਿਰ ਵਧ ਜਾਂਦਾ ਹੈ। ਡੇਂਗੂ ਦਾ ਇਹ ਮੱਛਰ ਘਰਾਂ ਵਿਚਲੇ ਹਨੇਰੇ ਤੇ ਨਮੀ ਵਾਲੇ ਭਾਗਾਂ, ਬਾਥਰੂਮ, ਡਰੈਸਿੰਗ ਰੂਮ ਤੇ ਕਦੇ-ਕਦਾਈ ਖੁੱਲਣ ਵਾਲੇ ਕਮਰਿਆਂ ’ਚ ਡੇਰਾ ਜਮਾ ਲੈਂਦੇ ਹਨ। ਇਹ ਮੱਛਰ ਕੋਠਿਆਂ ’ਤੇ ਸੁੱਟੇ ਕੰਡਮ ਟਾਇਰਾਂ, ਘਰਾਂ ਵਿਚਲੇ ਏ.ਸੀ. ਅਤੇ ਫ਼ਰਿੱਜ਼ਾਂ ਦੀਆਂ ਟ੍ਰੇਆਂ, ਕੂਲਰਾਂ, ਫ਼ੁੱਲਦਾਨਾਂ, ਗਮਲਿਆਂ ਥੱਲੇ ਰੱਖੀਆਂ ਟ੍ਰੇਆਂ, ਪੰਛੀਆਂ ਲਈ ਰੱਖੇ ਪਾਣੀ ਵਾਲੇ ਕਟੋਰਿਆਂ ਜਾਂ ਘਰਦੇ ਕਿਸੇ ਖੂੰਜੇ ’ਚ ਖੜਦੇ ਸਾਫ਼ ਪਾਣੀ ’ਚ ਆਪਣੀ ਜਗ੍ਹਾ ਬਣਾਉਂਦੇ ਹਨ। ਉਨਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਾਨੂੰ ਆਪਣੇ ਘਰ ਅਤੇ ਆਲੇ ਦੁਆਲੇ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਉਂਦਿਆਂ ਆਪਣੇ ਘਰਾਂ ਵਿੱਚ ਕੂਲਰਾਂ, ਫਰਿੱਜਾਂ ਜਾਂ ਜਿਥੇ ਵੀ ਪਾਣੀ ਖੜਾ ਹੁੰਦਾ ਹੈ ਉਸਨੂੰ ਚੰਗੀ ਤਰਾਂ ਸਾਫ਼ ਕਰਕੇ ਸੁਕਾਉਣ।  

ਡਾ. ਭੱਲਾ ਨੇ ਲੋਕਾਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਅਤੇ ਡੇਂਗੂ ਬਿਮਾਰੀਆਂ ਤੋਂ ਸਾਵਧਾਨੀਆਂ ਵਰਤ ਕੇ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਬੁਖਾਰ, ਖੰਘ, ਜੁਕਾਮ ਜਾਂ ਕੋਈ ਬਿਮਾਰੀ ਦਾ ਲੱਛਣ ਦਿਖਾਈ ਦਿੰਦਾ ਹੈ ਤਾਂ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਸੰਪਰਕ ਕੀਤਾ ਜਾਵੇ।