ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੰਗਲਾਤ ਵਿਭਾਗ ਨੇ ਬਟਾਲਾ ਸ਼ਹਿਰ ਵਿੱਚ 400 ਪੌਦੇ ਲਗਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਸ਼ਹਿਰ-ਪਿੰਡ ਤੇ ਕਸਬੇ ਵਿੱਚ 400-400 ਪੌਦੇ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬਟਾਲਾ ਸ਼ਹਿਰ ਵਿਖੇ ਵਣ ਵਿਭਾਗ ਵਲੋਂ 400 ਪੌਦੇ ਲਗਾਏ ਗਏ। ਪੌਦੇ ਲਗਾਉਣ ਲਈ ਮਨਾਏ ਗਏ ਵਣ-ਮਹਾਂਉਤਸਵ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਵਿਸ਼ੇਸ਼ ਤੌਰ ’ਤੇ ਪਹੁੰਚੇ।

ਬਟਾਲਾ ਸ਼ਹਿਰ ਵਿੱਚ 400 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਨੇ ਕਿਹਾ ਕਿ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਲੱਗੇ ਇਹ ਪੌਦੇ ਰੁੱਖ ਬਣ ਕੇ ਧਰਤੀ ਦਾ ਸੀਨਾ ਠਾਰਨਗੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਹਰ ਪਿੰਡ-ਸ਼ਹਿਰ ਵਿੱਚ ਪੌਦੇ ਲਗਾਉਣ ਦਾ ਇਹ ਫੈਸਲਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੀ ਹਰ ਪਿੰਡ-ਸ਼ਹਿਰ ਵਿੱਚ 550-550 ਪੌਦੇ ਲਗਾਏ ਗਏ ਸਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਪੌਦੇ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਮੁਹਿੰਮ ਵਾਤਾਵਰਨ ਲਈ ਬਹੁਤ ਹੀ ਵਧੀਆ ਹੈ

ਇਸ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਜਰਨੈਲ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਹਰ ਪਿੰਡ ਅਤੇ ਸ਼ਹਿਰ ਵਿੱਚ 400-400 ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪੰਚਾਇਤਾਂ ਨੂੰ ਮੁਫਤ ਪੌਦੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਇਨ੍ਹਾਂ ਪੌਦਿਆਂ ਦੀ ਸੰਭਾਲ ਲਈ ਮਨਰੇਗਾ ਯੋਜਨਾ ਤਹਿਤ ਵਣ-ਮਿੱਤਰ ਰੱਖ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਬਟਾਲਾ ਵਿਖੇ ਜ਼ਿਲ੍ਹਾ ਪੱਧਰੀ ਵਣ ਮਹਾਂ-ਉਤਸਵ ਮੌਕੇ ਬਾਈਪਾਸ ਅਤੇ ਹੋਰ ਸੜਕਾਂ ਦੇ ਕਿਨਾਰੇ 400 ਪੌਦੇ ਲਗਾਏ ਗਏ ਹਨ ਜਿਨ੍ਹਾਂ ਦੀ ਦੇਖ-ਭਾਲ ਵਿਭਾਗ ਵਲੋਂ ਕੀਤੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਧ ਤੋਂ ਵੱਧ ਪੌਦੇ ਲਗਾ ਕੇ ਇਨ੍ਹਾਂ ਸ਼ਤਾਬਦੀ ਸਮਾਗਮਾਂ ਦੀ ਯਾਦ ਨੂੰ ਹੋਰ ਖੁਸ਼ਗਵਾਰ ਬਣਾਉਣ। ਉਨ੍ਹਾਂ ਕਿਹਾ ਕਿ ਪੌਦੇ ਲੈਣ ਲਈ ਵਣ-ਵਿਭਾਗ ਦੀਆਂ ਸਰਕਾਰੀ ਨਰਸਰੀਆਂ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ।