ਬਾਰਸ਼ਾਂ ਨੇ ਝੰਬਿਆ ਕਿਸਾਨ, ਪਿਆਜ਼ ਦਾ ਭਾਰੀ ਨੁਕਸਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਪਈ ਭਾਰੀ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਦਿਵਾਈ ਹੋਵੇਗੀ, ਪਰ ਇਹ ਬਾਰਸ਼ ਨੇ ਕਿਸਾਨਾਂ ਦੀ ਫ਼ਸਲ ਦੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਕਿਸਾਨਾਂ ਦੇ ਮੂੰਹ 'ਤੇ ਮਾਯੂਸੀ ਦੇ ਬੱਦਲ ਹਰ ਵੇਲੇ ਝਲਕ ਰਹੇ ਹਨ। ਇੱਕ ਪਾਸਿਓ ਸਰਕਾਰਾਂ ਦੀ ਮਾਰ, ਦੂਜੇ ਪਾਸੇ ਕੁਦਰਤੀ ਕਹਿਰ ਨੇ ਕਿਸਾਨ ਨੂੰ ਅਜਿਹਾ ਝੰਬ ਕੇ ਰੱਖ ਦਿੱਤਾ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਖ਼ਬਰਾਂ ਮੁਤਾਬਿਕ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਦੇ ਬਾਵਜੂਦ ਘਰੇਲੂ ਬਜ਼ਾਰ ਵਿੱਚ ਇਸ ਦੀ ਕੀਮਤ ਵਿੱਚ ਕੋਈ ਕਮੀ ਨਹੀਂ ਆਈ।

ਪਿਆਜ਼ ਹੁਣ ਪ੍ਰਚੂਨ ਬਾਜ਼ਾਰ ਵਿੱਚ 50 ਰੁਪਏ ਪ੍ਰਤੀ ਕਿੱਲੋ ਵੱਲ ਵਧ ਰਿਹਾ ਹੈ। ਕਰਨਾਟਕ, ਮਹਾਰਾਸ਼ਟਰ ਤੇ ਤੇਲੰਗਾਨਾ ਵਿੱਚ ਭਾਰੀ ਬਾਰਸ਼ ਕਾਰਨ ਪਿਆਜ਼ ਦੀ ਫਸਲ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਇਸ ਦੀ ਸਪਲਾਈ ਪ੍ਰਭਾਵਤ ਹੋਈ ਤੇ ਦੇਸ਼ ਦੀਆਂ ਵੱਡੀਆਂ ਮੰਡੀਆਂ ਵਿੱਚ ਇਹ ਘੱਟ ਗਈ। ਜਾਣਕਾਰੀ ਮੁਤਾਬਿਕ ਸ਼ੁਰੂਆਤ ਵਿੱਚ ਮੀਂਹ ਦੀ ਘਾਟ ਤੇ ਫਿਰ ਭਾਰੀ ਬਾਰਸ਼ ਕਾਰਨ ਨਮੀ ਜ਼ਿਆਦਾ ਹੋ ਗਈ ਤੇ ਇਸ ਨੇ ਪਿਆਜ਼ ਦੀ ਫਸਲ ਨੂੰ ਵਿਗਾੜ ਦਿੱਤਾ।

ਇਸ ਦੌਰਾਨ ਪਿਆਜ਼ ਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਨੇ ਨਿਰਯਾਤ 'ਤੇ ਪਾਬੰਦੀ ਲਗਾਈ ਸੀ, ਫਿਰ ਵੀ ਇਸ ਦੀਆਂ ਕੀਮਤਾਂ ਘੱਟ ਨਹੀਂ ਰਹੀਆਂ। ਇਸ ਸਮੇਂ ਕਰਨਾਟਕ ਦੇ ਥੋਕ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿੱਲੋ ਵਿਕ ਰਹੀਆਂ ਹਨ, ਜਦੋਂਕਿ ਕੁਝ ਦਿਨ ਪਹਿਲਾਂ ਇਸ ਦੀ ਕੀਮਤ 20 ਤੋਂ 22 ਕਿੱਲੋ ਸੀ। ਮਹਾਰਾਸ਼ਟਰ ਤੋਂ ਆਉਣ ਵਾਲੇ ਪਿਆਜ਼ ਦੀ ਕੀਮਤ, ਜੋ ਪਹਿਲਾਂ 30 ਰੁਪਏ ਪ੍ਰਤੀ ਕਿੱਲੋ ਸੀ, ਹੁਣ 40 ਰੁਪਏ ਹੋ ਗਈ ਹੈ।

ਪਿਆਜ਼ ਦੀ ਕੀਮਤ ਦਿੱਲੀ-ਐਨਸੀਆਰ ਦੇ ਪ੍ਰਚੂਨ ਬਾਜ਼ਾਰ ਵਿੱਚ 50 ਤੋਂ 70 ਰੁਪਏ ਪ੍ਰਤੀ ਕਿੱਲੋ ਦੇ ਦਰਮਿਆਨ ਵਿੱਕ ਰਹੀ ਹੈ। ਥੋਕ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ 35-45 ਰੁਪਏ ਪ੍ਰਤੀ ਕਿੱਲੋ ਹਨ। ਖ਼ਬਰਾਂ ਮੁਤਾਬਿਕ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 50 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜੋ ਕਿ 2015 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਮੋਦੀ ਰਾਜ ਦੇ ਵਿੱਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਮਹਿੰਗਾਈ ਵਧੀ ਹੋਵੇ, ਇਸ ਤੋਂ ਪਹਿਲੋਂ ਵੀ ਮਹਿੰਗਾਈ ਦਰ ਬਹੁਤ ਜ਼ਿਆਦਾ ਸਿਖ਼ਰ 'ਤੇ ਪੁੱਜਦੀ ਰਹੀ ਹੈ। ਪਿਆਜ਼ ਤੋਂ ਇਲਾਵਾ ਹੋਰਨਾਂ ਫ਼ਸਲਾਂ ਵੀ ਬਰਸਾਤ ਦੇ ਕਾਰਨ ਬਰਬਾਦ ਹੋਈਆਂ ਹਨ।