Batala

Last Updated: Sep 18 2020 15:24
Reading time: 2 mins, 21 secs

                                             ਖੇਤੀ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਪੂਰੀ ਤਰਾਂ ਗਰਮਾਈ ਹੋਈ ਹੈ। ਇਕ ਪਾਸੇ ਜਿਥੇ ਕਿਸਾਨ ਇਸ ਆਰਡੀਨੈਂਸ ਦੇ ਖਿਲਾਫ ਸੜਕਾਂ ਤੇ ਉਤਰੇ ਹੋਏ ਹਨ ਉਥੇ ਰਾਜਨੀਤਕ ਪਾਰਟੀਆਂ ਵਲੋਂ ਇਕ ਦੂਸਰੇ ਤੇ ਧੜਾਧੜ ਇਲਜ਼ਾਮ ਲਗਾ ਕੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਖੇਤੀ ਆਰਡੀਨੈਂਸ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਦੀ ਹਾਲਤ ਪਤਲੀ ਕਰ ਰੱਖੀ ਹੈ। ਜੇਕਰ ਸ੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵੇਲੇ ਕਿਸਾਨਾ ਦਾ ਮਸਲਾ ਤਾਂ ਸ੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਗਲੇ ਦੀ ਹੱਡੀ ਬਣਦਾ ਦਿਖਾਈ ਦੇ ਰਿਹਾ ਹੈ। ਕਿਸਾਨਾ ਅਤੇ ਪੇਂਡੂ ਇਲਾਕਿਆਂ ਦੇ ਸਿਰ ਤੇ ਸੱਤਾ ਸੁੱਖ ਭੋਗਣ ਵਾਲੀ ਸ੍ਰੋਮਣੀ ਅਕਾਲੀ ਦਲ ਵਲੋਂ ਜਿਥੇ ਪਹਿਲਾਂ ਕੇਂਦਰ ਸਰਕਾਰ ਦੇ ਇਸ ਖੇਤੀ ਆਰਡੀਨੈਂਸ ਦਾ ਸਵਾਗਤ ਕੀਤਾ ਗਿਆ ਸੀ ਉਥੇ ਵਿਰੋਧ ਦੇ ਚਲਦਿਆ ਹੁਣ ਯੂ ਟਰਨ ਲੈਣਾ ਪੈ ਗਿਆ ਹੈ ਜਿਸ ਕਰਕੇ ਪਹਿਲੀ ਵਾਰ ਵੇਖਣ ਵਿੱਚ ਮਿਲਿਆ ਹੈ ਕਿ ਬਾਦਲ ਪਰਿਵਾਰ ਨੂੰ ਕੇਂਦਰ ਦੀ ਵਜ਼ੀਰੀ ਛੱਡਣੀ ਪਈ ਹੈ। ਇਕ ਪਾਸੇ ਸ੍ਰੋਮਣੀ ਅਕਾਲੀ ਦਲ ਕੇਂਦਰ ਵਿਚਲੀ ਆਪਣੀ ਵਜ਼ੀਰੀ ਛੱਡ ਕੇ ਕਿਸਾਨਾ ਦਾ ਅਲੰਬਰਦਾਰ ਬਣਨ ਦਾ ਯਤਨ ਕਰ ਰਿਹਾ ਹੈ ਜਿਸ ਤੋਂ ਬਾਅਦ ਸੱਤਾਧਾਰੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਬਾਦਲ ਪਰਿਵਾਰ ਨੂੰ ਲੰਬੇ ਹੱਥੀ ਲਿਆਂ ਹੈ। ਦੂਸਰੇ ਪਾਸੇ ਕਿਸਾਨਾ ਨੂੰ ਲੰਬੇ ਚੋੜੇ ਸੁਪਨੇ ਵਿਖਾ ਕੇ ਸੱਤਾ ਦੀ ਪੌੜੀ ਚੜੀ ਕਾਗਰਸ ਵੀ ਜਿਥੇ ਆਪਣੀ ਸਰਕਾਰ ਦੇ ਲਗਭਗ ਚਾਰ ਸਾਲਾਂ ਦੇ ਸਮੇ ਵਿੱਚ ਕੋਈ ਜਿਆਦਾ ਕੁਝ ਤਾਂ ਨਹੀਂ ਕਰ ਸਕੀ ਪਰ ਹੁਣ ਸਮੇ ਤੇ ਹਾਲਾਤ ਨੂੰ ਵੇਖਦਿਆਂ ਕੇਂਦਰ ਦੀ ਭੰਡੀ ਜਰੂਰ ਕਰ ਰਹੀ ਹੈ। ਉਥੇ ਹੀ ਕਾਂਗਰਸ ਦੇ ਇਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਤਾਂ ਕਿਸਾਨ ਅਤੇ ਲੋਕਾਂ ਦੀ ਹਮਾਇਤ ਹਾਸਲ ਕਰਨ ਦੇ ਮਨਸੂਬੇ ਨਾਲ ਆਪਣੀ ਵਿਧਾਇਕ ਤੋਂ ਅਸਤੀਫਾ ਤੱਕ ਦੇ ਦਿੱਤਾ ਹੈ। ਸੱਤਾਧਾਰੀ ਕਾਂਗਰਸ ਦੇ ਵਿਧਾਇਕ ਵਲੋਂ ਦਿੱਤੇ ਗਏ ਅਸਤੀਫੇ ਨਾਲ ਪੰਜਾਬ ਕਾਗਰਸ ਲਈ ਕਈ ਤਰਾਂ ਦੀਆਂ ਮੁਸਕਿਲਾਂ ਖੜੀਆਂ ਹੋ ਸਕਦੀਆਂ ਹਨ, ਕਿਉਂਕਿ ਸਵਾਲ ਉੱਠਣ ਲੱਗ ਪਏ ਹਨ ਕਿ ਇਕੱਲੇ ਵਿਧਾਇਕ ਨਾਗਰਾ ਨੂੰ ਹੀ ਕਿਸਾਨਾ ਦਾ ਦਰਦ ਜਾਗਿਆ ਹੈ ਤੇ ਬਾਕੀ ਕਾਂਗਰਸ ਨੂੰ ਨਹੀਂ? ਇਥੇ ਜਿਕਰ ਕਰਨਾ ਬਣਦਾ ਹੈ ਕਿ ਹਾਲ ਹੀ ਵਿੱਚ ਵਿਧਾਇਕ ਨਾਗਰਾ ਨੂੰ ਕਾਂਗਰਸ ਹਾਈਕਮਾਨ ਵਲੋਂ ਕਾਗਰਸ ਵਰਕਿੰਗ ਕਮੇਟੀ ਵਿੱਚ ਸਥਾਨ ਦਿੱਤਾ ਗਿਆ ਸੀ ਕਿਉਂਕਿ ਉਹ ਰਾਹੁਲ ਗਾਂਧੀ ਧੜੇ ਦੇ ਗਿਣੇ ਜਾਂਦੇ ਹਨ ਵਲੋਂ ਚੁੱਕਿਆ ਗਿਆ ਇਹ ਕਦਮ ਆਉਣ ਵਾਲੇ ਦਿਨਾ ਵਿੱਚ ਪਜੰਾਬ ਕਾਂਗਰਸ ਦੇ ਬਾਕੀ ਸੀਨੀਅਰ ਲੀਡਰਾਂ ਵਾਸਤੇ ਮੁਸੀਬਤ ਖੜੀ ਕਰ ਸਕਦਾ ਹੈ ਅਜਿਹੀਆਂ ਚਰਚਾਵਾਂ ਚੱਲਣ ਲੱਗ ਪਈਆਂ ਹਨ। ਕਈ ਤਾਂ ਇਥੋਂ ਤੱਕ ਕਹਿ ਰਹੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਦੀ ਲੜਾਈ ਵਿੱਚ ਜੇਕਰ ਪੰਜਾਬ ਦੀ ਲੀਡਰਸ਼ਿਪ ਵਿੱਚ ਸੰਭਾਵੀ ਬਦਲ ਹੁੰਦਾ ਹੈ ਤਾਂ ਅਜਿਹੇ ਵਿੱਚ ਵਿਧਾਇਕ ਨਾਗਰਾ ਆਪਣੀ ਹਾਈਕਮਾਨ ਤੱਕ ਪਹੁੰਚ ਦਾ ਸਿਆਸੀ ਫਾਇਦਾ ਚੁੱਕ ਸਕਦੇ ਹਨ। ਹੋ ਸਕਦਾ ਹੈ ਕਿ ਵਿਧਾਇਕ ਨਾਗਰਾ ਆਪਣੀ ਇਸ ਕੁਰਬਾਨੀ ਨਾਲ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦੀ ਫਿਰਾਕ ਵਿੱਚ ਹੋਣ ਅਜਿਹੀਆਂ ਕਨਸੋਆ ਵੀ ਸੁਣਨ ਵਿੱਚ ਮਿਲ ਰਹੀਆਂ  ਹਨ। ਪਰ  ਜੋ ਮਰਜੀ ਹੋ ਜਾਵੇ ਫਿਲਹਾਲ ਹਰਕੇ ਸਿਆਸੀ ਪਾਰਟੀ ਲਈ ਕਿਸਾਨਾ ਦਾ ਮਸਲਾ ਆਉਣ ਵਾਲੇ ਸਮੇ ਵਿੱਚ ਵੱਡੀ ਚੁਣੌਤੀ ਜਰੂਰ ਦਿਖਾਈ ਦੇ ਰਿਹਾ ਹੈ