Batala

Last Updated: Sep 17 2020 13:08
Reading time: 1 min, 45 secsਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਤੇ ਸਾਰਾ ਸਿਹਤ ਅਮਲਾ ਕੋਰੋਨਾ ਸੰਕਟ ਵਿਚ ਲਗਾਤਾਰ ਦਿਨ-ਰਾਤ ਮਰੀਜਾਂ ਦੀ ਟੈਸਟਿੰਗ, ਇਲਾਜ ਅਤੇ ਸਾਂਭ-ਸੰਭਾਲ ਵਿਚ ਲੱਗੇ ਹੋਏ ਹਨ। ਕੋਰੋਨਾ ਕਾਲ ਦੌਰਾਨ ਜਿਥੇ ਕਈ ਨਿੱਜੀ ਹਸਪਤਾਲਾਂ ਨੇ ਆਪਣੀ ਓ ਪੀ ਡੀ ਤੱਕ ਬੰਦ ਕਰ ਰੱਖੀ ਸੀ, ਉਸ ਵੇਲੇ ਇੰਨਾਂ ਸਰਕਾਰੀ ਡਾਕਟਰਾਂ ਦੀਆਂ ਸੇਵਾਵਾਂ ਕਈਆਂ ਲਈ ਰੱਬ ਬਣਕੇ ਬਹੁੜੀਆਂ। ਸਿਵਲ ਹਸਪਤਾਲ ਬਟਾਲਾ ’ਚੋਂ ਸੈਂਕੜੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਗਏ ਹਨ, ਉਨਾਂ ਵਿਚੋਂ ਵੀ ਵੱਡੀ ਗਿਣਤੀ ਮਰੀਜਾਂ ਨੂੰ ਇੰਨਾਂ ਡਾਕਟਰਾਂ ਦੀ ਬਦੌਲਤ ਨਵੀਂ ਜਿੰਦਗੀ ਮਿਲੀ ਹੈ।

ਕਈ ਕੇਸ ਅਜਿਹੇ ਵੀ ਵੇਖਣ ਨੂੰ ਮਿਲ ਰਹੇ ਹਨ, ਜੋ ਕਿ ਪਹਿਲਾਂ ਸਰਕਾਰੀ ਹਸਪਤਾਲ ਜਾਣਾ ਤਾਂ ਦੂਰ ਆਪਣੇ ਅੰਦਰ ਇੰਨਾਂ ਪ੍ਰਤੀ ਬਹੁਤ ਮਾੜਾ ਪ੍ਰਭਾਵ ਬਣਾ ਕੇ ਬੈਠੇ ਸਨ, ਪਰ ਹੁਣ ਜਦੋਂ ਕੋਰੋਨਾ ਵਿਚ ਉਥੇ ਦਾਖਲ ਹੋਏ ਹਨ, ਤਾਂ ਇੰਨਾਂ ਹਸਪਤਾਲਾਂ ਦੀ ਸਿਫਤ ਕਰਨੋ ਨਹੀਂ ਹਟਦੇ। ਬਟਾਲਾ ਨਿਵਾਸੀ ਗੌਤਮ ਜਿੰਨਾ ਦੀ ਸੋਚ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਬਹੁਤੀ ਚੰਗੀ ਨਹੀਂ ਸੀ ਅਤੇ ਉਹ ਵੀ ਲੋਕਾਂ ਦੀਆਂ ਫੈਲਾਈਆਂ ਅਫਵਾਹਾਂ ਨੂੰ ਸੱਚ ਮੰਨਦੇ ਸਨ, ਜਦੋਂ ਕੋਰੋਨਾ ਦੇ ਮਰੀਜ਼ ਬਣ ਕੇ ਉਹ ਸਿਵਲ ਹਸਪਤਾਲ ਦਾਖਲ ਹੋਏ ਤਾਂ ਉਥੋਂ ਦੇ ਡਾਕਟਰਾਂ ਅਤੇ ਬਾਕੀ ਅਮਲੇ ਦਾ ਵਿਵਹਾਰ, ਇਲਾਜ, ਸਹੂਲਤਾਂ ਵੇਖ ਕੇ ਅਤਿ ਪ੍ਰਸੰਨ ਹੋਏ। ਹਸਪਤਾਲ ਤੋਂ ਘਰ ਜਾਣ ਮੌਕੇ ਉਨਾਂ ਇਲਾਜ ਅਤੇ ਮਿਲੀਆਂ ਸਹੂਲਤਾਂ ਲਈ ਸਾਰੇ ਸਟਾਫ ਦਾ ਧੰਨਵਾਦ ਕੀਤਾ। ਇਹ ਇਕ ਉਦਾਹਰਨ ਮਾਤਰ ਹੈ, ਬਹੁਤ ਸਾਰੇ ਮਰੀਜ਼ ਰੋਜ਼ਾਨਾ ਠੀਕ ਹੋ ਕੇ ਘਰਾਂ ਨੂੰ ਜਾ ਰਹੇ ਹਨ। ਬਸ ਲੋੜ ਹੈ ਸ਼ੱਕ ਪੈਣ ਉਤੇ ਆਪਣਾ ਟੈਸਟ ਕਰਵਾਉਣ ਅਤੇ ਇਲਾਜ ਲਈ ਅੱਗੇ ਆਉਣ ਦੀ।

ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਸਿਵਲ ਹਸਪਤਾਲ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਦੱਸਿਆ ਕਿ ਇਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਮਾਹਿਰ ਡਾਕਟਰਾਂ ਵਲੋਂ ਆਪਣੀ ਦੇਖ ਰੇਖ ਹੇਠ ਕੀਤਾ ਜਾ ਰਿਹਾ ਹੈ ਅਤੇ ਮਰੀਜ਼ਾਂ ਨੂੰ 24 ਘੰਟੇ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਉਪਲੱਬਧ ਕਰਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕੋਰੋਨਾ ਮਰੀਜ਼ਾਂ ਦਾ ਜਿਥੇ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਓਥੇ ਉਨ੍ਹਾਂ ਨੂੰ ਖਾਣਾ ਵੀ ਮੁਫ਼ਤ ਦਿੱਤਾ ਜਾ ਰਿਹਾ ਹੈ। ਡਾ. ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਦਾ ਕੋਈ ਵੀ ਲੱਛਣ ਆਉਣ ’ਤੇ ਆਪਣਾ ਟੈਸਟ ਕਰਾਉਣ ਅਤੇ ਜੇਕਰ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੈ ਤਾਂ ਨਿਰਸੰਕੋਚ ਸਿਵਲ ਹਸਪਤਾਲ ਬਟਾਲਾ ਨਾਲ ਸੰਪਰਕ ਕਰ ਸਕਦੇ ਹਨ।