Batala

Last Updated: Sep 15 2020 12:29
Reading time: 1 min, 21 secsਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਹਰੇਕ ਜ਼ਿਲੇ ਵਿੱਚ ਪ੍ਰਵਾਨਿਤ ਵਿਕਰੇਤਾਵਾਂ ਰਾਹੀਂ 514 ਰੁਪਏ ਦੀ ਵਾਜਬ ਕੀਮਤ ’ਤੇ ਆਕਸੀਮੀਟਰ ਮੁਹੱਈਆ ਕਰਵਾਏ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ. ਚੀਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਸਿਹਤ ਕਾਮਿਆਂ ਲਈ ਇਹ ਆਕਸੀਮੀਟਿਰ 514 ਰੁਪਏ ਦੀ ਕੀਮਤ ’ਤੇ ਖਰੀਦਿਆ ਜਾ ਰਿਹਾ ਹੈ ਅਤੇ ਇਨਾਂ ਆਕਸੀਮੀਟਰਾਂ ਨੂੰ ਹੁਣ ‘ਕੋਈ ਲਾਭ ਨਹੀਂ, ਕੋਈ ਘਾਟਾ ਨਹੀਂ’ ਦੇ ਆਧਾਰ ’ਤੇ ਆਮ ਲੋਕਾਂ ਲਈ ਵੀ ਅਧਿਕਾਰਤ ਵਿਕਰੇਤਾਵਾਂ ਰਾਹੀਂ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 50,000 ਕੋਵਿਡ ਕੇਅਰ ਕਿੱਟਾਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਨਾਂ ਕਿੱਟਾਂ ਵਿੱਚ ਆਕਸੀਮੀਟਰ ਅਤੇ ਥਰਮੋਮੀਟਰ ਤੋਂ ਇਲਾਵਾ ਹੋਰ ਜ਼ਰੂਰੀ ਵਸਤਾਂ ਵੀ ਸ਼ਾਮਲ ਹਨ।

ਸ. ਚੀਮਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਆ ਵੀ ਜਾਂਦਾ ਹੈ ਤਾਂ ਉਨਾਂ ਨੂੰ ਹਸਪਤਾਲ ਵਿੱਚ ਨਹੀਂ ਰੱਖਿਆ ਜਾ ਰਿਹਾ ਪਰ ਘਰੇਲੂ ਏਕਾਂਤਵਾਸ ਵਿੱਚ ਰਹਿਣ ਅਤੇ ਆਪਣੀ ਸਿਹਤ ’ਤੇ ਨਿਰੰਤਰ ਨਜ਼ਰ ਰੱਖਦਿਆਂ ਦੇਖ-ਭਾਲ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਏਕਾਂਤਵਾਸ ਦੀ ਨਿਗਰਾਨੀ ਕਰਨ ਵਾਲੀਆਂ ਟੀਮਾਂ ਪਾਜ਼ੇਟਿਵ ਮਰੀਜ਼ਾਂ ਦੇ ਘਰ 10 ਦਿਨਾਂ ਵਿੱਚ ਤਿੰਨ ਵਾਰ ਦੌਰਾ ਕਰਕੇ ਸਿਹਤ ਬਾਰੇ ਜਾਂਚ ਕਰਦੀਆਂ ਹਨ ਅਤੇ ਮਰੀਜ਼ ਦੀ ਦੇਖਭਾਲ ਕਰਨ ਵਾਲੇ ਨੂੰ ਲੋੜੀਂਦੀ ਸਲਾਹ ਵੀ ਦਿੰਦੀਆਂ ਹਨ। ਇਨਾਂ ਟੀਮਾਂ ਵੱਲੋਂ ਸਲਾਹ ਮੁਤਾਬਕ ਥਰਮੋਮੀਟਰ, ਪਲਸ ਆਕਸੀਮੀਟਰ, ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਉਪਲਬਧਤਾ ਵੀ ਪੁੱਛੀ ਜਾਂਦੀ ਹੈ। ਟੀਮ ਵੱਲੋਂ ਮਰੀਜ਼ ਦੇ ਦੇਖਭਾਲ ਕਰਨ ਵਾਲੇ ਨੂੰ ਫੋਨ ਕਰਕੇ ਵੀ ਪੁੱਛਿਆ ਜਾਂਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਦੋਂ ਵੀ ਕਿਸੇ ਨੂੰ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੰਦੇ ਹੋਣ ਤਾਂ ਤੁਰੰਤ ਆਪਣਾ ਟੈਸਟ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਹਰ ਕਿਸੇ ਨੂ ਸਹਿਯੋਗ ਕਰਨਾ ਚਾਹੀਦਾ ਹੈ।