Batala

Last Updated: Sep 13 2020 15:38
Reading time: 2 mins, 11 secs


 
 ਸਿਆਣੇ ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜੇਕਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਚੰਗਾ ਸ਼ੌਂਕ ਹੋਵੇ ਤਾਂ ਉਸਦੀ ਜ਼ਿੰਦਗੀ ਹੋਰ ਵੀ ਖੂਬਰਸੂਰਤ ਤੇ ਰੰਗੀਨ ਹੋ ਜਾਂਦੀ ਹੈ। ਅਜਿਹਾ ਹੀ ਇੱਕ ਖੂਬਸੂਰਤ ਸ਼ੌਂਕ ਪਾਲਿਆ ਹੈ ਬਟਾਲਾ ਵਿਖੇ ਤਾਇਨਾਤ ਫੂਡ ਸਪਲਾਈ ਇੰਸਪੈਕਟਰ ਸੁਖਦੇਵ ਸਿੰਘ ਨੇ। ਪਿੰਡ ਮਠੋਲਾ ਦਾ ਜੰਮਪਲ ਸੁਖਦੇਵ ਸਿੰਘ ਬਚਪਨ ਤੋਂ ਹੀ ਰੰਗਾਂ ਨਾਲ ਖੇਡ ਰਿਹਾ ਹੈ ਅਤੇ ਰੰਗਾਂ ਨਾਲ ਪਿਆਰ ਕਰਦਿਆਂ ਉਸਨੇ ਆਪਣੇ ਮਨੋਭਾਵਾਂ ਨੂੰ ਕਾਗਜ਼ ’ਤੇ ਅਜਿਹੀ ਖੂਬਸੂਰਤੀ ਨਾਲ ਚਿਤਰਿਆ ਹੈ ਕਿ ਉਹ ਚਿੱਤਰਕਾਰੀ ਦੇ ਖੇਤਰ ਵਿੱਚ ਰਾਸ਼ਟਰੀ ਐਵਾਰਡ ਜੇਤੂ ਬਣ ਚੁੱਕਾ ਹੈ।

ਅੱਜ ਬਟਾਲਾ ਕਲੱਬ ਵਿਖੇ ਹੋਏ ਇੱਕ ਸਰਕਾਰੀ ਸਮਾਗਮ ਦੌਰਾਨ ਜਦੋਂ ਫੂਡ ਸਪਲਾਈ ਇੰਸਪੈਕਟਰ ਸੁਖਦੇਵ ਸਿੰਘ ਨੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਉਨ੍ਹਾਂ ਦੀ ਆਪਣੇ ਹੱਥੀਂ ਬਣਾਈ ਤਸਵੀਰ ਭੇਟ ਕੀਤੀ ਤਾਂ ਉਸ ਤਸਵੀਰ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ। ਸ. ਬਾਜਵਾ ਦੀ ਇਹ ਤਸਵੀਰ ਬਿਲਕੁਲ ਇਵੇਂ ਲੱਗ ਰਹੀ ਸੀ ਜਿਵੇਂ ਕਿਸੇ ਨੇ ਕੈਮਰੇ ਨਾਲ ਖਿੱਚੀ ਹੋਵੇ। ਸ. ਬਾਜਵਾ ਨੇ ਇੰਸਪੈਕਟਰ ਸੁਖਦੇਵ ਸਿੰਘ ਦੀ ਕਲਾ ਦੀ ਸਰਾਹਨਾ ਕਰਦਿਆਂ ਉਸਨੂੰ ਸ਼ਾਬਾਸ਼ੀ ਦਿੱਤੀ।

ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਨੇ ਸ. ਬਾਜਵਾ ਦੀ ਇਹ ਤਸਵੀਰ ਇੱਕ ਮਹੀਨੇ ਦੇ ਸਮੇਂ ਵਿੱਚ ਤਿਆਰ ਕੀਤੀ ਹੈ। ਉਸਨੇ ਦੱਸਿਆ ਕਿ ਉਹ ਹਰ ਰਾਤ ਨੂੰ 2 ਘੰਟੇ ਇਸ ਤਸਵੀਰ ਨੂੰ ਬਣਾਉਣ ਲਈ ਸਮਾਂ ਕੱਢਦਾ ਸੀ। ਉਸਨੇ ਕਿਹਾ ਕਿ ਜੇਕਰ ਉਹ ਲਗਾਤਾਰ ਕੰਮ ਕਰਦਾ ਤਾਂ ਉਹ ਹਫ਼ਤੇ ਵਿੱਚ ਤਸਵੀਰ ਤਿਆਰ ਕਰ ਸਕਦਾ ਸੀ ਪਰ ਸਰਕਾਰੀ ਨੌਂਕਰੀ ਦੇ ਰੁਝੇਵਿਆਂ ਕਾਰਨ ਏਨ੍ਹਾਂ ਸਮਾਂ ਕੱਢਣਾ ਸੰਭਵ ਨਹੀਂ।

ਸੁਖਦੇਵ ਸਿੰਘ ਨੇ ਦੱਸਿਆ ਕਿ ਉਸਨੇ ਚਿੱਤਰਕਾਰੀ ਦੀ ਕੋਈ ਸਿਖਲਾਈ ਨਹੀਂ ਲਈ ਅਤੇ ਨਾ ਹੀ ਕੋਈ ਇਸਦੀ ਵਿਸ਼ੇਸ਼ ਪੜ੍ਹਾਈ ਕੀਤੀ ਹੈ ਬਲਕਿ ਇਹ ਗੁਣ ਉਸ ਵਿੱਚ ਬਚਪਨ ਤੋਂ ਕੁਦਰਤੀ ਹੀ ਹੈ। ਸੁਖਦੇਵ ਸਿੰਘ ਨੇ ਆਪਣੀ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਲੁਧਿਆਣਾ ਵਿਖੇ ਪਾਰਟ ਟਾਈਮ ਆਰਟ ਗੈਲਰੀ ਵੀ ਖੋਲੀ ਸੀ ਜਿਥੇ ਉਹ ਪ੍ਰੋਫੈਸ਼ਨਲ ਤੌਰ ’ਤੇ ਵੀ ਪੇਟਿੰਗ ਬਣਾਉਂਦਾ ਰਿਹਾ ਹੈ।

ਸੁਖਦੇਵ ਸਿੰਘ ਨੇ ਦੱਸਿਆ ਕਿ ਸੰਨ 2006 ਵਿੱਚ ਉਸਨੂੰ ਹੈਦਰਾਬਾਦ ਤੋਂ ਵਧੀਆ ਪੇਟਿੰਗ ਲਈ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ। ਉਸਨੇ ਦੱਸਿਆ ਕਿ ਉਸਦੀ ਸੋਹਣੀ ਮਹੀਂਵਾਲ, ਸ਼ਹੀਦ ਭਗਤ ਸਿੰਘ ਅਤੇ ਮਹਾਤਮਾਂ ਗਾਂਧੀ ਦੀ ਤਸਵੀਰ ਨੂੰ ਨੈਸ਼ਨਲ ਐਵਾਰਡ ਲਈ ਚੁਣਿਆ ਗਿਆ ਸੀ।

ਸੰਨ 2009 ਵਿੱਚ ਫੂਡ ਸਪਲਾਈ ਵਿਭਾਗ ਵਿੱਚ ਬਤੌਰ ਫੂਡ ਸਪਲਾਈ ਇੰਸਪੂੇਟਰ ਭਰਤੀ ਹੋਏ ਸੁਖਦੇਵ ਸਿੰਘ ਜਿਥੇ ਆਪਣੀ ਸਰਕਾਰੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਓਥੇ ਉਨ੍ਹਾਂ ਦਾ ਰੰਗਾਂ ਨਾਲ ਪਿਆਰ ਵੀ ਓਵੇਂ ਹੀ ਬਰਕਰਾਰ ਹੈ। ਉਹ ਡਿਊਟੀ ਤੋਂ ਬਾਅਦ ਕੈਨਵਸ ’ਤੇ ਕਾਗਜ਼ ਸਜਾ ਕੇ ਰੰਗਾਂ ਨੂੰ ਅਜਿਹੀ ਖੂਬਸੂਰਤੀ ਨਾਲ ਚਿੱਤਰਦੇ ਹਨ ਕਿ ਉਨ੍ਹਾਂ ਦੇ ਬਣੇ ਚਿੱਤਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ।

ਸੁਖਦੇਵ ਸਿੰਘ ਆਪਣੀ ਕਲਾ ਨੂੰ ਰੱਬੀ ਦਾਤ ਮੰਨਦਾ ਪ੍ਰਮਾਤਮਾ ਦਾ ਧੰਨਵਾਦ ਕਰਦਾ ਕਹਿੰਦਾ ਹੈ ਕਿ ਕਾਦਰ ਦੀ ਸਮੁੱਚੀ ਕ੍ਰਿਤ ਉਸਨੂੰ ਪੇਟਿੰਗ ਕਰਨ ਪ੍ਰੇਰਨਾ ਦਿੰਦੀ ਹੈ ਅਤੇ ਰੰਗਾਂ ਨੂੰ ਚਿੱਤਰ ਕੇ ਉਸਨੂੰ ਦਿਲੀ ਸਕੂਨ ਮਿਲਦਾ ਹੈ।