Batala

Last Updated: Sep 13 2020 15:34
Reading time: 1 min, 11 secs ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਨੇ ਜ਼ਿਲ੍ਹਾ ਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਅਜਿਹੀ ਕੋਈ ਵੀ ਪੋਸਟ ਪਾਉਣ ਜਾਂ ਅੱਗੇ ਭੇਜਣ (ਫਾਰਵਰਡ ਕਰਨ) ਤੋਂ ਪਹਿਲਾਂ 10 ਵਾਰ ਸੋਚਣ, ਕਿਉਂਕਿ ਕਿਸੇ ਤਰਾਂ ਦਾ ਗੈਰ-ਜ਼ਿੰਮੇਵਾਰਾਨਾ ਕਦਮ ਉਨਾਂ ਦੇ ਭਵਿੱਖ ’ਤੇ ਅਸਰ ਪਾ ਸਕਦਾ ਹੈ।

ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਤੁਸੀਂ ਜੋ ਕੁਝ ਵੀ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋ, ਉਸਦੀ ਜ਼ਿੰਮੇਵਾਰੀ ਤੁਹਾਡੀ ਹੈ। ਇਸ ਲਈ ਹਰ ਪੋਸਟ ਨੂੰ ਧਿਆਨ ਨਾਲ ਸੋਸ਼ਲ ਮੀਡੀਆ ਉੱਪਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਣ ਤੱਕ 121 ਸੋਸ਼ਲ ਮੀਡੀਆ ਅਕਾਊਂਟ/ਲਿੰਕ ਬਲੌਕ ਕੀਤਾ ਜਾ ਚੁੱਕੇ ਹਨ ਅਤੇ 292 ਹੋਰ ਅਜਿਹੇ ਅਕਾਊਂਟ/ਲਿੰਕ ਦੀ ਸ਼ਨਾਖਤ ਪੰਜਾਬ ਪੁਲੀਸ ਵੱਲੋਂ ਕੀਤੀ ਜਾ ਚੁੱਕੀ ਹੈ ਜੋ ਕੋਰੋਨਾ ਵਾਇਰਸ ਦੇ ਇਲਾਜ ਦੌਰਾਨ ਅੰਗ ਕੱਢਣ ਅਤੇ ਕੋਵਿਡ ਦੀ ਟੈਸਟਿੰਗ ਲਈ ਕੂੜ ਪ੍ਰਚਾਰ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਕਿਹਾ ਕਿ ਸਮਾਜ ਦੇ ਜਿੰਮੇਵਾਰ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਬਿਮਾਰੀ ਸਬੰਧੀ ਸਰਕਾਰ ਵਲੋਂ ਦੱਸੇ ਜਾ ਰਹੇ ਸਹੀ ਤੱਥਾਂ ਦੇ ਪਸਾਰ ਲਈ ਅੱਗੇ ਆਉਣ ਤਾਂ ਜੋ ਕੂੜ ਪ੍ਰਚਾਰ ਉੱਪਰ ਲਗਾਮ ਲੱਗ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਗਲਤ ਅਫ਼ਵਾਹਾਂ ਅਤੇ ਧਾਰਨਾਵਾਂ ਕਾਰਨ ਵੀ ਕਈ ਮਰੀਜ਼ ਇਲਾਜ ਲਈ ਹਸਪਤਾਲ ਲੇਟ ਪਹੁੰਚੇ ਸਨ, ਜਿਸ ਕਾਰਨ ਉਨ੍ਹਾਂ ਨੂੰ ਜ਼ੋਖਮ ਝੱਲਣਾ ਪਿਆ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫ਼ਵਾਹ ਉੱਪਰ ਯਕੀਨ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਗਲਤ ਅਫ਼ਵਾਹ ਫੈਲਾਉਂਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ।