Batala

Last Updated: Sep 13 2020 15:30
Reading time: 1 min, 36 secs ਪੰਜਾਬ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕੀਤਾ ਹੈ ਕਿ ਜੇਕਰ ਅਕਾਲੀਆਂ ਦੀ ਭਾਈਵਾਲ ਮੋਦੀ ਸਰਕਾਰ ਸੰਸਦ ਵਿੱਚ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਾ ਲੈਂਦੀ ਹੈ ਤਾਂ ਉਸ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੀ ਹੋਵੇਗਾ? ਕੀ ਉਹ ਮੋਦੀ ਸਰਕਾਰ ਨਾਲ ਖੜ੍ਹਨਗੇ ਜਾਂ ਕਿਸਾਨੀ ਨਾਲ?

ਅੱਜ ਕਾਦੀਆਂ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਅਕਾਲੀ ਦਲ ਨੂੰ ਦੋਹਰੀ ਨੀਤੀ ਅਤੇ ਕੇਂਦਰ ਵਿੱਚ ਵਜ਼ਾਰਤ ਦੇ ਲਾਲਚ ਨੂੰ ਛੱਡ ਕੇ ਕਿਸਾਨਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਰਾਜਨੀਤੀ ਕਿਸਾਨਾਂ ਦੇ ਨਾਮ ਉੱਪਰ ਕੀਤੀ ਹੈ, ਕੀ ਉਹ ਹੁਣ ਕਿਸਾਨੀ ਨਾਲ ਖੜ੍ਹਨਗੇ ਜਾਂ ਆਪਣੀ ਨਹੂੰ ਦੀ ਵਜ਼ੀਰੀ ਬਚਾਉਣ ਲਈ ਇਸ ਕਿਸਾਨ ਮਾਰੂ ਨੀਤੀ ਉੱਪਰ ਆਪਣੀ ਸਹਿਮਤੀ ਦੀ ਮੋਹਰ ਲਗਾਉਣਗੇ।

ਸ. ਬਾਜਵਾ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਉਪਰ ਦੋਗਲੀ ਨੀਤੀ ’ਤੇ ਚੱਲ ਕੇ ਇੱਕ ਪਾਸੇ ਆਪਣੇ ਭਾਈਵਾਲ ਮੋਦੀ ਨੂੰ ਖੁਸ਼ ਕਰਨਾ ਚਾਹੁੰਦਾ ਹੈ ਦੂਸਰੇ ਪਾਸੇ ਫੋਕਾ ਕਿਸਾਨ ਹਿਮਾਇਤੀ ਬਣ ਕੇ ਕਿਸਾਨਾਂ ਦਾ ਮਸੀਹਾ ਬਣਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨ ਮੋਦੀ ਸਰਕਾਰ ਦੇ ਕਿਸਾਨੀ ਬਾਰੇ ਨਵੇਂ ਆਰਡੀਨੈਂਸ ਦਾ ਸਖਤ ਵਿਰੋਧ ਕਰ ਰਹੇ ਹਨ ਪਰ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਕਿਸਾਨੀ ਦਾ ਗਲਾ ਘੁੱਟਣ ਲਈ ਬਜ਼ਿੱਦ ਹੈ।

ਸ. ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਖਰੀਦ ਐੱਮ.ਐੱਸ.ਪੀ. ’ਤੇ ਨਹੀਂ ਹੋਵੇਗੀ, ਜੋ ਕਿ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਪ੍ਰਾਈਵੇਟ ਖਰੀਦਦਾਰਾਂ ਦੇ ਰਹਿਮੋ-ਕਰਮ ਉੱਪਰ ਛੱਡਣਾ ਚਾਹੁੰਦੀ ਹੈ ਜੋ ਕਿ ਪਹਿਲਾਂ ਹੀ ਸੰਕਟ ਵਿਚ ਫਸੀ ਕਿਸਾਨੀ ਲਈ ਹੋਰ ਮਾਰੂ ਹੋ ਨਿਬੜੇਗਾ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਬਿੱਲ ਨੂੰ ਨਕਾਰ ਦਿੱਤਾ ਹੈ।