Batala

Last Updated: Sep 11 2020 16:32
Reading time: 1 min, 21 secs ਪੰਜਾਬ ਸਰਕਾਰ ਵਲੋਂ ਜਿਥੇ ਮਿਸ਼ਨ ਫ਼ਤਹਿ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਲੜੀ ਜਾ ਰਹੀ ਹੈ ਓਥੇ ਨਾਲ ਹੀ ਡੇਂਗੂ, ਮਲੇਰੀਆ, ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਰਾਜ ਸਰਕਾਰ ਦੀਆਂ ਹਦਾਇਤਾਂ ਤਹਿਤ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਵਿੱਚ ਮੱਛਰ ਮਾਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਿਗਮ ਕਰਮਚਾਰੀਆਂ ਵਲੋਂ ਗਲੀਆਂ ਮੁਹੱਲਿਆਂ ਤੇ ਸਰਕਾਰੀ ਦਫ਼ਤਰਾਂ ਵਿੱਚ ਮੱਛਰ ਮਾਰਨ ਲਈ ਸਪਰੇਅ ਅਤੇ ਫੌਗਿੰਗ ਕੀਤੀ ਜਾ ਰਹੀ ਹੈ।
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਬਟਾਲਾ ਦੀਆਂ ਟੀਮਾਂ ਵਲੋਂ ਜਿਥੇ ਸ਼ਹਿਰ ਵਿੱਚ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਜਾ ਰਹੀ ਹੈ ਓਥੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਦੀਆਂ ਬਿਮਾਰੀਆਂ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਮੱਛਰਾਂ ਕਾਰਨ ਫੈਲਦੀ ਹੈ ਅਤੇ ਹਰ ਕਿਸੇ ਨੂੰ ਮੱਛਰਾਂ ਤੋਂ ਬਚਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ 7 ਦਿਨ ਤੋਂ ਖੜ੍ਹੇ ਸਾਫ ਪਾਣੀ ਵਿੱਚ ਪੈਦਾ ਹੋ ਜਾਂਦਾ ਹੈ ਅਤੇ ਇਹ ਅਕਸਰ ਹੀ ਘਰਾਂ ਵਿੱਚ ਫਰਿਜਾਂ ਦੀ ਟ੍ਰੇਆਂ, ਕੂਲਰਾਂ, ਛੱਤਾਂ ਉੱਪਰ ਪਏ ਪੁਰਾਣੇ ਟਾਇਰਾਂ, ਮਨੀ ਪਲਾਂਟ ਦੀਆਂ ਬੋਤਲਾਂ ਆਦਿ ਜਿਥੇ ਵੀ ਪਾਣੀ ਹੁੰਦਾ ਹੈ ਵਿੱਚ ਪਨਪ ਜਾਂਦਾ ਹੈ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੀ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇਅ ਕੀਤੀ ਜਾ ਰਹੀ ਹੈ।

ਕਮਿਸ਼ਨਰ ਨੇ ਕਿਹਾ ਕਿ ਜਿਥੇ ਨਗਰ ਨਿਗਮ ਦੇ ਕਰਮਚਾਰੀ ਮੱਛਰਾਂ ਦੇ ਖਾਤਮੇ ਲਈ ਯਤਨਸ਼ੀਲ ਹਨ ਓਥੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸ਼ੁਕਰਵਾਰ ਡਰਾਈ ਡੇਅ ਮਨਾਉਂਦਿਆਂ ਹਰ ਪਾਣੀ ਵਾਲੀ ਵਸਤੂ ਨੂੰ ਸਾਫ ਕਰਕੇ ਸੁਕਾਉਣਾ ਚਾਹੀਦਾ ਹੈ ਤਾਂ ਜੋ ਡੇਂਗੂ ਦਾ ਮੱਛਰ ਪੈਦਾ ਹੀ ਨਾ ਹੋ ਸਕੇ।