ਕਰੋਨਾ ਬਾਰੇ ਝੂਠੀਆਂ ਤੇ ਗੁੰਮਰਾਹਕੁਨ ਅਫਵਾਹਾਂ ਫੈਲਾਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ - ਚੇਅਰਮੈਨ ਚੀਮਾ ਕਰੋਨਾ ਵਾਇਰਸ ਬਾਰੇ ਸੋਸ਼ਲ ਮੀਡੀਆ ਗਰੱੁਪਾਂ ਵਿਚ ਚੱਲ ਰਹੀ ਗੁੰਮਰਾਹਕੁਨ ਤੇ ਕੂੜ ਪ੍ਰਚਾਰ ਨਾਲ ਭਰੀ ਆਡੀਉ-ਵੀਡੀਓਜ਼ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਸਰਕਾਰ ਨੇ ਅਫ਼ਵਾਹਾਂ ਫੈਲਾਉਣ ਵਾਲੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਵਿਭਾਗ ਦੇ ਸਾਇਬਰ ਵਿੰਗ ਨੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਤਫਤੀਸ਼ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀ ਹੈ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਕੁਝ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਵੀ ਗਈ ਹੈ।

ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਜਾਂ ਭਾਰਤ ਹੀ ਨਹੀਂ ਪੂਰਾ ਵਿਸ਼ਵ ਕਰੋਨਾ ਦੀ ਮਹਾਂਮਾਰੀ ਦੇ ਕਰੋਪ ਨਾਲ ਲੜ ਰਿਹਾ ਹੈ ਤੇ ਅਸੀਂ ਇਕ ਨਾਜ਼ੁਕ ਤੇ ਗੰੰਭੀਰ ਸਮੇਂ ਵਿਚੋਂ ਲੰਘ ਰਹੇ ਹਾਂ। ਅਮਰੀਕਾ ਵਰਗਾ ਵਿਸ਼ਵ ਸ਼ਕਤੀ ਅਖਵਾਉਣ ਵਾਲਾ ਦੇਸ਼ ਇਸ ਵਾਇਰਸ ਤੋਂ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਕਾਬੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬੜੇ ਵਿਆਪਕ ਤੇ ਕੜੇ ਕਦਮ ਚੁੱਕੇ ਜਾ ਰਹੇ ਹਨ। ਸਿਹਤ ਤੇ ਪੁਲਿਸ ਵਿਭਾਗ ਤੋਂ ਇਲਾਵਾ ਲਗਭਗ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਕਰੋਨਾ ਦਾ ਫੈਲਾਅ ਲਗਾਤਾਰ ਵੱਧ ਰਿਹਾ ਹੈ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਦੇ ਲਗਭਗ 836 ਮੁਲਾਜ਼ਮ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ ਜਦਕਿ ਇਕ ਰਿਪੋਰਟ ਅਨੁਸਾਰ 2 ਮੁਲਾਜ਼ਮਾਂ ਦੀ ਮੌਤ ਹੋਈ ਹੈ। ਪੁਲਿਸ ਵਿਭਾਗ ਦੇ ਲਗਭਗ 1650 ਮੁਲਾਜ਼ਮ ਪ੍ਰਭਾਵਿਤ ਹੋਏ ਹਨ ਅਤੇ 13 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।

ਚੇਅਰਮੈਨ ਸ. ਚੀਮਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਵਿਚ ਵਿਸ਼ਵਾਸ਼ ਨਾ ਕਰਨ ਅਤੇ ਜੇਕਰ ਕਿਸੇ ਐਸੇ ਸ਼ਰਾਰਤੀ ਵਿਅਕਤੀ ਦਾ ਪਤਾ ਲਗਦਾ ਹੈ ਜੋ ਕਰੋਨਾ ਸਬੰਧੀ ਲੋਕਾਂ ਨੂੰ ਗੰੁਮਰਾਹ ਕਰ ਰਿਹਾ ਹੈ ਜਾਂ ਕਰੋਨਾ ਦੀ ਦਵਾਈ ਬਣਾਉਣ ਦਾ ਦਾਵਾ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਿਹਤ ਜਾਂ ਪੁਲਿਸ ਵਿਭਾਗ ਨੂੰ ਕਰੋ ਤਾਂ ਜੋ ਇਨਾਂ ਦੋਸ਼ੀਆਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅਜੇ ਤੱਕ ਕਰੋਨਾ ਸਬੰਧੀ ਕੋਈ ਵੈਕਸੀਨ ਨਹੀਂ ਆਈ ਹੈ, ਇਸ ਲਈ ਅਸੀਂ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਸਕਦੇ ਹਾਂ।