ਦਾਹੀਆ ਨੇ ਐਸ ਐਸ ਪੀ ਹੁੰਦਿਆਂ ਨਾਗਰਿਕਾਂ ਵੱਲੋਂ ਸਬੂਤ ਦੇਣ ਦੇ ਬਾਵਜੂਦ ਸ਼ਰਾਬ ਮਾਫੀਆ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕੀਤਾ : ਬਿਕਰਮ ਸਿੰਘ ਮਜੀਠੀਆ

 

 ਸ਼੍ਰੋਮਣੀ ਅਕਾਲੀ ਦਲ ਨੇ  ਮੰਗ ਕੀਤੀ ਕਿ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਧਰੁਵ ਦਾਹੀਆ ਦੇ ਐਸ ਐਸ ਪੀ ਤਰਨਤਾਰਨ ਹੁੰਦਿਆਂ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਜਣਿਆਂ ਦੀ ਮੌਤ ਹੋਣ ਦੇ ਮਾਮਲੇ ਵਿਚ ਉਸਦੀ ਭੂਮਿਕਾ ਨੂੰ ਲੈ ਕੇ ਸੀ ਬੀ ਆਈ ਵੱਲੋਂ ਉਹਨਾਂ ਖਿਲਾਫ ਕੇਸ ਦਰਜ ਕਰ ਕੇ ਇਸਦੀ ਜਾਂਚ ਕੀਤੀ ਜਾਵੇ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ  ਇਸ ਪੁਲਿਸ ਅਫਸਰ ਨੇ ਲੋਕਾਂ ਵੱਲੋਂ ਸਬੂਤ ਦੇਣ ਦੇ ਬਾਵਜੂਦ ਸ਼ਰਾਬ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਉਸਨੂੰ ਮੁਅੱਤਲ ਕੀਤਾ ਜਾਣਾ ਜਾਂ ਫਿਰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਸੀ ਪਰ ਇਸਦੀ ਥਾਂ ਉਸਨੂੰ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਲਗਾ ਕੇ ਇਕ ਹੋਰ ਇਨਾਮ  ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਦੱਸਣ ਕਿ ਧਰੁਵ ਦਾਹੀਆ ਉਹਨਾਂ ਦਾ ਚਹੇਤਾ ਕਿਉਂ ਹੈ ਤੇ ਉਹ ਇਹ ਵੀ ਦੱਸਣ ਕਿ ਤੀਜੀ ਵਾਰ ਐਸ ਐਸ ਪੀ ਲੱਗ ਕੇ ਦਾਹੀਆ ਨੇ ਕਿਹੜਾ ਪੁਲਿਸ ਵਾਲਾ ਕੰਮ ਕੀਤਾ ਹੈ।
ਸ੍ਰੀ ਬਿਕਰਮ ਸਿੰਘ ਮਜੀਠੀਆ  ਨੇ ਕਿਹਾ ਕਿ ਐਸ ਐਸ ਪੀ ਦੇ ਕਾਂਗਰਸ ਦੇ ਸ਼ਰਾਬ ਮਾਫੀਆ ਨਾਲ ਸੰਬੰਧਾਂ ਦਾ ਪਤਾ ਲਾਉਣਾ ਸਿਰਫ ਸੀ ਬੀ ਆਈ ਜਾਂਚ ਨਾਲ ਹੀ ਸੰਭਵ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਦਾਹੀਆ ਦੇ ਸਿਰਫ ਚੰਡੀਗੜ ਹੀ ਨਹੀਂ ਬਲਕਿ 10 ਜਨਪਥ ਨਾਲ ਸੰਬੰਧਾਂ ਦਾ ਵੀ ਪਤਾ ਲੱਗ ਜਾਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਦਾਹੀਆ ਉਹੀ ਅਫਸਰ ਹੈ ਜਿਸਨੇ 2019 ਵਿਚ ਫਾਦਰ ਐਂਟਨੀ ਦੀ ਰਿਹਾਇਸ਼ 'ਤੇ ਦਿਨ ਦਿਹਾੜੇ ਡਾਕਾ ਮਾਰਿਆ ਸੀ ਤੇ ਉਸਨੂੰ ਚੋਣ ਕਮਿਸ਼ਨ ਨੇ ਐਸ ਐਸ ਪੀ ਖੰਨਾ ਵਜੋਂ ਤਬਦੀਲ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਸ 'ਤੇ ਖੰਨਾ ਪੁਲਿਸ ਵੱਲੋਂ ਮਾਰੇ ਛਾਪੇ ਦੌਰਾਨ 7 ਕਰੋੜ ਰੁਪਏ ਦਾ ਘੁਟਾਲਾ ਕਰਨ ਤੋਂ ਇਲਾਵਾ ਖੰਨਾ ਪੁਲਿਸ ਵੱਲੋਂ ਛਾਪੇ ਦੌਰਾਨ ਲੋਕਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖਣ ਦਾ ਦੋਸ਼ ਵੀ ਲੱਗਾ ਸੀ ਅਤੇ ਇਸਨੂੰ ਵਿਭਾਗੀ ਜਾਂਚ ਦੌਰਾਨ ਵੀ ਦੋਸ਼ੀ ਪਾਇਆ ਗਿਆ ਸੀ। ਉਹਨਾਂ ਕਿਹਾ  ਅਦਾਲਤ ਵਿਚ ਇਹ ਵੀ ਸਾਬਤ ਹੋ ਗਿਆ ਸੀ ਕਿ ਦਾਹੀਆ ਨੇ ਝੂਠ ਬੋਲਿਆ ਕਿ ਪੈਸਾ ਅਪਰੇਸ਼ਨ 'ਨਾਕਾ' ਦੌਰਾਨ  ਬਰਾਮਦ ਹੋਇਆ ਸੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਦਾਹੀਆ ਦੀ ਗੈਰ ਕਾਨੂੰਨੀ ਨਿਗਰਾਨੀ ਹੇਠ ਫੜੇ 16.66 ਕਰੋੜ ਰੁਪਏ ਵਿਚੋਂ 1.50 ਕਰੋੜ ਰੁਪਏ ਦਾ ਕੋਈ ਪਤਾ ਨਹੀਂ ਲੱਗਾ  ਪਰ ਇਸ ਸਭ ਦੇ ਬਾਵਜੂਦ ਉਸਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਥਾਂ  ਉਸਨੂੰ ਐਸ ਐਸ ਪੀ ਤਰਨਤਾਰਨ ਲਗਾਇਆ ਗਿਆ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਖੰਨਾ ਵਿਚ ਤਾਇਨਾਤੀ ਵੇਲੇ ਵੀ ਦਾਹੀਆ 'ਤੇ ਪੁਲਿਸ ਕੈਟਾਂ ਤੇ ਟਾਊਟਾਂ ਨੂੰ ਗੈਰ ਸੰਵਿਧਾਨਕ ਤਾਕਤਾਂ ਦੇਣ ਦਾ ਦੋਸ਼ ਲੱਗਾ ਸੀ ਤੇ ਇਹਨਾਂ ਵਿਚੋਂ ਇਕ ਬੱਬੂ ਬਾਰਾਂਬੋਰ ਨੇ ਫਾਦਰ ਐਂਟਨੀ ਦੀ ਰਿਹਾਇਸ਼ ਤੋਂ ਨਗਦੀ 'ਜ਼ਬਤ' ਕੀਤੇ ਦੀ ਨਿਗਰਾਨੀ ਕੀਤੀ ਸੀ।  ਉਹਨਾਂ ਕਿਹਾ ਕਿ ਤਰਨਤਾਰਨ ਦੇ ਵਸਨੀਕਾਂ ਨੇ ਵੀ ਇਸ ਕੋਲ ਸ਼ਿਕਾਇਤ ਕੀਤੀ  ਅਤੇ ਨਜਾਇਜ਼ ਸ਼ਰਾਬ ਬਣਾਉਣ ਵਾਲਿਆਂ ਦੇ ਪਤੇ ਅਤੇ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲੇ ਵਾਹਨਾਂ ਦੀ ਜਾਣਕਾਰੀ ਦੇਣ ਦੇ ਬਾਵਜੂਦ ਦਾਹੀਆ ਨੇ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਇਸ ਤੋਂ ਦਾਹੀਆ ਦੀ ਇਸ ਸਾਰੇ ਘੁਟਾਲੇ ਵਿਚ ਸ਼ਮੂਲੀਅਤ ਦਾ ਪਤਾ ਚਲਦਾ ਹੈ ਤੇ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਤਰਨਤਾਰਨ ਪੁਲਿਸ ਨੇ  ਲੋਕਾਂ ਵੱਲੋਂ ਦੱਸੀ ਨਜਾਇਜ਼ ਫੈਕਟਰੀ ਖਿਲਾਫ ਕਾਰਵਾਈ ਉਦੋਂ ਕੀਤੀ ਜਦੋਂ ਜ਼ਹਿਰੀਲੀ ਸ਼ਰਾਬ ਦੀ ਤ੍ਰਾਸਦੀ ਵਾਪਰ ਗਈ ਤੇ ਪੁਲਿਸ ਨੇ 31500 ਲੀਟਰ ਲਾਹਣ ਤੇ 350 ਬੋਤਲਾਂ ਨਜਾਇਜ਼ ਸ਼ਰਾਬ ਫੜੀ।
ਸ੍ਰੀ ਮਜੀਠੀਆ ਨੇ ਇਸ ਦੌਰਾਨ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਆਪਣੇ ਸਹਿਯੋਗੀਆਂ ਦੀਆਂ ਡਿਸਟੀਲਰੀਆਂ  ਜਿਹਨਾਂ ਨੇ ਸ਼ਰਾਬ ਮਾਫੀਆ ਨੂੰ ਨਜਾਇਜ਼ ਸਪੀਰਿਟ ਸਪਲਾਈ ਕੀਤੀ ਜਿਸ ਕਾਰਨ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰੀ, ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਦੀ ਕੋਸ਼ਿਸ਼ ਨਾ ਕਰੇ।  ਉਹਨਾਂ ਕਿਹਾ ਕਿ ਸਰਕਾਰ ਦੇਸੀ ਸ਼ਰਾਬ ਕੱਢਣ ਵਾਲਿਆਂ ਖਿਲਾਫ ਕਾਰਵਾਈ ਇਸ ਵਾਸਤੇ ਕਰ ਰਹੀ ਹੈ ਤਾਂ ਕਿ ਡਿਸਟੀਲਰੀਆਂ ਦੇ ਮਾਲਕ ਆਪਣਾ ਕੰਮ ਸੰਭਾਲ ਲੈਣ। ਉਹਨਾਂ ਕਿਹਾ ਕਿ ਪਿਛਲੇ ਇਕ ਹਫਤੇ ਵਿਚ ਹੀ ਵੱਡੀ ਮਾਤਰਾ ਵਿਚ ਲਾਹਣ ਦਾ ਫੜਿਆ ਜਾਣਾ ਸੰਕੇਤ ਦਿੰਦਾ ਹੈ ਕਿ ਸਰਕਾਰ ਨੇ ਪਹਿਲਾਂ ਇਹ ਸ਼ਰਾਬ ਕੱਢਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ।