ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਦੀਆਂ ਪਾਰਕਾਂ ਨੇ ਖੂਬਸੂਰਤੀ ਪੱਖੋਂ ਸ਼ਹਿਰੀ ਪਾਰਕਾਂ ਨੂੰ ਮਾਤ ਦਿੱਤੀ,ਪਾਰਕਾਂ ਬਣਾ ਕੇ ਪਿੰਡਾਂ ਨੂੰ ਦਿੱਤੀ ਜਾ ਰਹੀ ਖੂਬਸੂਰਤ ਦਿੱਖ

 

 ਲੋਕਾਂ ਦੇ ਸੈਰ ਕਰਨ ਲਈ ਸੁੰਦਰ ਪਾਰਕਾਂ ਅਕਸਰ ਹੀ ਸ਼ਹਿਰ ਦੀਆਂ ਵਧੀਆ ਕਲੋਨੀਆਂ ਵਿੱਚ ਦਿਖਾਈ ਦਿੰਦੀਆਂ ਹਨ। ਭਾਂਵੇ ਕਿ ਪਿੰਡਾਂ ਦਾ ਵਾਤਾਵਰਨ ਤੇ ਮਾਹੌਲ ਸ਼ਹਿਰਾਂ ਦੇ ਮੁਕਾਬਲੇ ਸ਼ਾਫ਼-ਸੁਥਰਾ ਤੇ ਖੁੱਲ੍ਹਾ ਹੁੰਦਾ ਹੈ ਪਰ ਸੈਰ ਕਰਨ ਲਈ ਪਾਰਕਾਂ ਦੀ ਅਣਹੋਂਦ ਪਿੰਡਾਂ ਨੂੰ ਸਹੂਲਤਾਂ ਦੇ ਪੱਖ ਤੋਂ ਸ਼ਹਿਰਾਂ ਨਾਲੋਂ ਘੱਟ ਕਰ ਦਿੰਦੀ ਸੀ। 


ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਨੂੰ ਸਹੂਲਤਾਂ ਦੇ ਪੱਖ ਤੋਂ ਸ਼ਹਿਰਾਂ ਵਾਂਗ ਵਿਕਸਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ `ਮਗਨਰੇਗਾ` ਸਕੀਮ ਤਹਿਤ ਪਿੰਡਾਂ ਅੰਦਰ ਬਣ ਰਹੀਆਂ ਪਾਰਕਾਂ ਨੇ ਪਿੰਡਾਂ ਦੀ ਦਿੱਖ ਨੂੰ ਨਵੀਂ ਖੂਬਸੂਰਤੀ ਦਿੱਤੀ ਹੈ। ਜ਼ਿਲ੍ਹੇ ਦੇ ਪਿੰਡ ਡੱਡਵਾਂ, ਕੁੰਜਰ, ਬਾਂਗੋਵਾਣੀ, ਦੁਲਾਨੰਗਲ, ਪਸਿਆਲ, ਛਿੱਛਰਾ ਦੀਆਂ ਪਾਰਕਾਂ ਖੂਬਸੂਰਤੀ ਪੱਖੋਂ ਸ਼ਹਿਰਾਂ ਦੀਆਂ ਪਾਰਕਾਂ ਨੂੰ ਵੀ ਮਾਤ ਪਾਉਂਦੀਆਂ ਹਨ।  
ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ ਪਾਰਕਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਕਈ ਪਿੰਡਾਂ ਜਿਨ੍ਹਾਂ ਵਿੱਚ ਡੱਡਵਾਂ, ਕੁੰਜਰ, ਬਾਂਗੋਵਾਣੀ, ਦੁਲਾਨੰਗਲ, ਪਸਿਆਲ ਅਤੇ ਛਿੱਛਰਾ ਸ਼ਾਮਲ ਹਨ ਵਿੱਚ ਪਾਰਕਾਂ ਬਣ ਕੇ ਤਿਆਰ ਵੀ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਪਿੰਡ ਦੀ ਪਾਰਕ ਨੂੰ ਵਿਕਸਤ ਕਰਨ ਉੱਪਰ ਕਰੀਬ 5 ਕੁ ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਅਤੇ ਇਹ ਸਾਰਾ ਖਰਚਾ ਮਨਰੇਗਾ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਬਣ ਰਹੀਆਂ ਪਾਰਕ ਵਿਚ ਬੈਠਣ ਲਈ ਬੈਂਚ, ਲਾਈਟਾਂ, ਕੰਧਾਂ ਨੂੰ ਖੂਬਸੂਰਤ ਰੰਗ ਕਰਨ ਦੇ ਨਾਲ ਚਿੱਤਰ, ਇੰਟਰਲਾਕ ਟਾਇਲਾਂ ਲਗਾਉਣ ਦੇ ਨਾਲ ਘਾਹ ਤੇ ਵਧੀਆ ਕਿਸਮ ਦੇ ਫੁੱਲ-ਬੂਟੇ ਲਗਾਏ ਗਏ ਹਨ, ਜਿਨ੍ਹਾਂ ਨੇ ਪਿੰਡਾਂ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਉਸਾਰੇ ਗਏ ਪਾਰਕਾਂ ਵਿਚ ਸਵੇਰੇ ਅਤੇ ਸ਼ਾਮ ਨੂੰ ਬੱਚਿਆਂ, ਨੌਜਵਾਨਾਂ ਤੇ ਬਜੁਰਗਾਂ ਵਲੋਂ ਸੈਰ ਕੀਤੀ ਜਾਂਦੀ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਭਰਵੀ ਸ਼ਲਾਘਾ ਹੋ ਰਹੀ ਹੈ। 


ਚੇਅਰਮੈਨ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਤਰਜ਼ ’ਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਵਿਕਾਸ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।