Batala

Last Updated: Aug 10 2020 15:20
Reading time: 1 min, 30 secs

 

 ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਸਾਂਭਣ ਜਾਂ ਇਸ ਦੀਆਂ ਗੱਠਾਂ ਬਣਾ ਕੇ ਬਾਹਰ ਕੱਢਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ/ਕਿਸਾਨ ਗਰੁੱਪਾਂ/ਕੋਆਪਰੇਟਿਵ ਸੋਸਾਇਟੀਆਂ /ਪਿੰਡਾਂ ਦੀਆਂ ਪੰਚਾਇਤਾਂ ਨੂੰ ਸਬਸਿਡੀ ’ਤੇ ਖੇਤੀ ਮਸ਼ੀਨਰੀ ਮਹੁੱਈਆ ਕਰਵਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਅਤੇ ਖੇਤੀਬਾੜੀ ਵਿਭਾਗ ਦੇ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸਾਨਾਂ ਕੋਲੋਂ ਨਿੱਜੀ ਪੱਧਰ ’ਤੇ ਕਿਸਾਨ ਗਰੁੱੱਪ ਬਣਾ ਕੇ ਸਬਸਿਡੀ ’ਤੇ ਇੰਮਪੈਨਲਡ ਫਰਮਾਂ ਤੋਂ ਨਿਰਧਾਰਤ ਖੇਤੀ ਮਸ਼ੀਨਰੀ ਦੀ ਖਰੀਦ ਕਰ ਸਕਦੇ ਹਨ। ਵਿਅਕਤੀਗਤ ਕਿਸਾਨਾਂ ਨੂੰ 50% ਸਬਸਿਡੀ ’ਤੇੇ ਇੱਕ ਮਸ਼ੀਨ ਖਰੀਦਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਕਿਸਾਨ ਗਰੁੱਪ/ਕੋਆਪਰੇਟਿਵ ਸੋਸਾਇਟੀਆਂ ਅਤੇ ਪਿੰਡ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਅਤੇ 15 ਲੱਖ ਰੁਪਏ ਦੀ ਕਸਟਮ ਹਾਇਰਿੰਗ ਸੈਂਟਰ 80% ਸਬਸਿਡੀ ਤੇ ਨਿਰਧਾਰਤ ਕੀਤੀ ਗਈ ਖੇਤੀ ਮਸ਼ੀਨਰੀ ਸੁਪਰ ਐਸ.ਐਮ.ਐਸ.,ਹੈਪੀ ਸੀਡਰ,ਚੋਪਰ ਸ਼ਰੈਡਰ/ਮਲਚਰ, ਆਰ.ਐਮ.ਬੀ. ਪਲਾਓ, ਜੀਰੋ ਟਿੱਲ ਡਰਿੱਲ, ਸੁਪਰ ਸੀਡਰ, ਬੇਲਰ, ਰੇਕ ਅਤੇ ਕਰਾਪ ਰੀਪਰ ਖਰੀਦਣ ਦੀ ਆਗਿਆ ਹੋਵੇਗੀ।

ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹਨਾਂ ਮਸ਼ੀਨਾਂ ਦੀ ਸਬਸਿਡੀ ’ਤੇ ਖਰੀਦ ਕਰਨ ਲਈ ਬਿਨੈ ਪੱਤਰਾਂ ਲਈ 17 ਅਗਸਤ 2020 ਤੱਕ ਆਖਰੀ ਤਰੀਕ ਰੱਖੀ ਗਈ ਹੈ। ਬਿਨੈਕਾਰਾਂ ਵੱਲੋ ਦਰਖਾਸਤਾਂ ਬਲਾਕ ਪੱਧਰ ’ਤੇ ਖੇਤੀਬਾੜੀ ਦਫਤਰਾਂ ਵਿੱਚ ਸਮੇ ਸਿਰ ਜਮ੍ਹਾਂ ਕਰਵਾਈਆਂ ਜਾਣ। ਡਾ. ਧੰਜੂ ਅਤੇ ਇੰਜੀਨੀਅਰ ਰੰਧਾਵਾ ਵੱਲੋ ਕਿਸਾਨਾਂ ਅਤੇ ਖਾਸ ਕਰਕੇ ਸਾਰੇ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਲਾਹਾ ਵੱਧ ਤੋਂ ਵੱਧ ਲੈਣ ਲਈ ਆਪਣੀਆਂ ਕੰਬਾਇਨਾਂ ਨੂੰ ਸਮੇਂ ਸਿਰ ਹੀ ਸੁਪਰ ਐਸ.ਐਮ.ਐਸ. ਲਗਵਾ ਲੈਣ ਅਤੇ ਸਬਸਿਡੀ ਦਾ ਫਾਇਦਾ ਲੈਣ।

ਇਸੇ ਤਰ੍ਹਾਂ ਕਿਸਾਨ ਗਰੁੱਪਾਂ/ਕੋਆਪਰੇਟਿਵ ਸੋਸਾਇਟੀਆਂ ਅਤੇ ਪੰਚਾਇਤਾਂ ਵੀ ਸਬਸਿਡੀ ’ਤੇ ਖੇਤੀ ਮਸ਼ੀਨਰੀ ਦੀ ਖਰੀਦ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਕਿਰਾਏ ਤੇ ਵਰਤਣ ਲਈ ਖਰੀਦ ਕਰਨ। ਇਸ ਤੋਂ ਇਲਾਵਾ ਕਿਸਾਨ/ਸੰਸਥਾਵਾਂ ਇਸ ਸਕੀਮ ਸਬੰਧੀ ਬਿਨੈ ਪੱਤਰ ਨਾਲ ਰਿਕਾਰਡ ਮੁਕੰਮਲ ਕਰਨ ਜਾਂ ਅਪਰੂਵਡ ਫਰਮਾਂ ਦੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਜਾਂ ਜਿਲ੍ਹਾਂ ਪੱਧਰ ਤੇ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਦੇ ਦਫਤਰ ਰਾਬਤਾ ਕਾਇਮ ਕਰਕੇ ਲੈ ਸਕਦੇ ਹਨ।