ਚਿੱਕੜ ਭਰੇ ਟੋਏ ਅਤੇ ਖਸਤਾਹਾਲ ਸੜਕਾਂ ਸ਼ਹਿਰ ਆਉਣ ਵਾਲਿਆਂ ਦਾ ਕਰ ਰਹੀਆਂ ਵੈਲਕਮ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 04 2020 17:14
Reading time: 3 mins, 4 secs

ਦਸ਼ਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਤੇ ਇਤਿਹਾਸਕ ਮਹੱਤਤਾ ਵਾਲੇ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ 'ਚ ਬੁਰੀ ਤਰ੍ਹਾਂ ਟੁੱਟੀ ਖਸਤਾਹਾਲ ਅਤੇ ਚਿੱਕੜ ਭਰੇ ਟੋਇਆਂ ਵਾਲੀਆਂ ਸੜਕਾਂ ਬਾਹਰੀ ਸ਼ਹਿਰਾਂ ਤੋਂ ਮਾਛੀਵਾੜਾ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਦਾ ਵੈਲਕਮ ਕਰ ਰਹੀਆਂ ਹਨ। ਖਸਤਾਹਾਲ ਸੜਕਾਂ ਅਤੇ ਗਲੀਆਂ ਇਲਾਕਾ ਵਾਸੀਆਂ ਲਈ ਪਰੇਸ਼ਾਨੀਆਂ ਦਾ ਸਬੱਬ ਬਣੀਆਂ ਹੋਈਆਂ ਹਨ। ਇਸਦੇ ਨਾਲ ਹੀ ਟੁੱਟੀਆਂ ਸੜਕਾਂ ਉੱਪਰ ਲੱਗੇ ਗੰਦਗੀ ਦੇ ਢੇਰਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਲੋਕਾਂ ਨੂੰ ਅਲੱਗ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਅੰਦਰ ਸੜਕਾਂ ਅਤੇ ਗਲੀਆਂ 'ਚ ਫੈਲੀ ਗੰਦਗੀ ਨਗਰ ਕੌਂਸਲ ਵੱਲੋਂ ਚਲਾਏ ਜਾਣ ਵਾਲੇ ਸਵੱਛ ਭਾਰਤ ਅਭਿਆਨ ਦੀਆਂ ਧੱਜੀਆਂ ਉਡਾ ਰਹੇ ਹਨ। ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਬਾਰਸ਼ ਦੇ ਮੌਸਮ 'ਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।

ਕੀ ਹੈ ਸ਼ਹਿਰ ਦੀ ਹਾਲ-ਏ-ਸਥਿਤੀ?
ਦੱਸ ਦੇਈਏ ਕਿ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਹਰੇਕ ਲਿੰਕ ਰੋਡ ਅਤੇ ਰਸਤੇ ਟੁੱਟੇ ਪਏ ਹਨ। ਟੁੱਟੀਆਂ ਸੜਕਾਂ ਉੱਪਰ ਬਣੇ ਟੋਏ ਬਾਰਸ਼ ਦੇ ਬਾਅਦ ਚਿੱਕੜ ਨਾਲ ਭਰ ਜਾਂਦੇ ਹਨ ਅਤੇ ਇਨ੍ਹਾਂ ਰਸਤਿਆਂ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ 'ਚ ਖਾਲੀ ਪਏ ਪਲਾਟਾਂ 'ਚ ਭੰਗ, ਗਾਜਰ ਬੂਟੀ ਅਤੇ ਘਾਹ ਫੂਸ ਉੱਗਿਆ ਪਿਆ ਹੈ, ਜਿਸ ਕਾਰਨ ਇਲਾਕਾ ਸ਼ਹਿਰ ਘੱਟ ਅਤੇ ਜੰਗਲ ਹੋਣ ਦਾ ਭੁਲੇਖਾ ਜ਼ਿਆਦਾ ਪਾਉਂਦਾ ਹੈ। ਨਜ਼ਦੀਕੀ ਪਿੰਡ ਕੁਹਾੜਾ ਵਾਲੀ ਸਾਈਡ ਤੋਂ ਆਉਣ ਵਾਲੇ ਰਸਤੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਦੇ ਮੁੱਖ ਗੇਟ ਸਾਹਮਣੇ ਸੜਕ ਤੇ ਟੋਏ ਬਣੇ ਹੋਏ ਹਨ ਅਤੇ ਸਟੇਡੀਅਮ ਅੰਦਰ ਘਾਹ ਦੀ ਸਫਾਈ ਨਾ ਹੋਣ ਜੰਗਲ ਬਣਿਆ ਹੋਇਆ ਹੈ।

ਸ਼ਹਿਰ ਵਾਸੀ ਬਹਾਦਰ ਸਿੰਘ ਅਤੇ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਸ਼ਹਿਰ ਦੀ ਇੰਦਰਾ ਕਲੋਨੀ ਅੱਗੇ ਵੀ ਸੜਕ ਤੇ ਕਈ ਮੀਟਰ ਚੌੜੇ ਅਤੇ ਡੂੰਘੇ ਹੋਏ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜਦਕਿ ਸਮਰਾਲਾ ਰੋਡ ਤੇ ਐਫ.ਸੀ.ਆਈ ਗੋਦਾਮਾਂ ਕੋਲ ਵੀ ਨਗਰ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਦੀ ਅਣਦੇਖੀ ਕਾਰਨ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਇਸ ਤੋਂ ਇਲਾਵਾ ਅਨਾਜ ਮੰਡੀ 'ਚ ਕੂੜਾ ਕਰਕਟ ਨਾਲ ਭਰੇ ਪਏ ਕੰਟੇਨਰਾਂ ਨੂੰ ਚੁਕਵਾਉਣਾ ਸ਼ਾਇਦ ਨਗਰ ਕੌਂਸਲ ਅਧਿਕਾਰੀਆਂ ਨੂੰ ਯਾਦ ਨਹੀਂ ਰਹਿੰਦਾ। ਅਜਿਹਾ ਹੀ ਹਾਲ ਰਾਹੌਂ ਰੋਡ ਅਤੇ ਖਾਲਸਾ ਚੌਂਕ ਇਲਾਕੇ ਦਾ ਬਣਿਆ ਹੋਇਆ ਹੈ ਅਤੇ ਟੁੱਟ ਚੁੱਕੀ ਸੜਕ ਤੇ ਕਈ ਫੁੱਟ ਡੂੰਘੇ ਟੋਏ ਬਣੇ ਹੋਏ ਹਨ। ਰੋਪੜ ਵਾਲੀ ਸਾਈਡ ਤੋਂ ਆਉਂਦੀ ਸੜਕ ਤੇ ਸ਼ਮਸ਼ਾਨਘਾਟ ਨਜ਼ਦੀਕ ਟੁੱਟੀ ਸੜਕ ਤੇ ਜਮਾਂ ਹੋਣ ਵਾਲਾ ਬਾਰਸ਼ ਦਾ ਪਾਣੀ ਤੇ ਚਿੱਕੜ ਲੋਕਾਂ ਦੀਆਂ ਮੁਸੀਬਤਾਂ ਵਧਾ ਰਿਹਾ ਹੈ।

ਦੂਜੇ ਪਾਸੇ ਚਮਕੌਰ ਸਾਹਿਬ ਵਾਲੇ ਪਾਸੇ ਤੋਂ ਆਉਂਦੀ ਸੜਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਨਜ਼ਦੀਕ ਬੁਰੀ ਤਰ੍ਹਾਂ ਟੁੱਟੀ ਪਈ ਹੈ ਅਤੇ ਸੜਕ ਤੇ ਬਣੇ ਚਿੱਕੜ ਭਰੇ ਟੋਏ ਗੁਰਦੁਆਰਾ ਸਾਹਿਬ 'ਚ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਮੁਸੀਬਤ ਦਾ ਸਬੱਬ ਬਣ ਰਹੇ ਹਨ। ਇਸ ਸਮੱਸਿਆ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ। ਸ਼ਹਿਰ 'ਚ ਪਏ ਖਾਲੀ ਪਲਾਟਾਂ ਵਿੱਚ ਸਫਾਈ ਨਾ ਹੋਣ ਕਾਰਨ ਘਾਹ ਫੂਸ ਉੱਗਿਆ ਖੜਾ ਹੈ ਅਤੇ ਜ਼ਹਿਰੀਲੇ ਜੀਵ ਜੰਤੂਆਂ ਦਾ ਡੇਰਾ ਬਣਿਆ ਹੋਇਆ ਹੈ। ਇਲਾਕੇ ਦੀਆਂ ਟੁੱਟੀਆਂ ਸੜਕਾਂ ਅਤੇ ਖਰਾਬ ਹੋਈ ਸਫਾਈ ਵਿਵਸਥਾ ਦੇ ਚੱਲਦੇ ਨਗਰ ਕੌਂਸਲ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਅਵਾਰਾ ਘੁੰਮਦੇ ਪਸ਼ੂਆਂ ਦੇ ਝੁੰਡ ਹਾਦਸਿਆਂ ਨੂੰ ਬੁਲਾਵਾ ਦੇ ਰਹੇ ਹਨ।  

ਕੀ ਕਹਿੰਦੈ ਹਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ?
ਜਦੋਂ ਸ਼ਹਿਰ 'ਚ ਟੁੱਟੀਆਂ ਸੜਕਾਂ ਅਤੇ ਖਰਾਬ ਸਫਾਈ ਵਿਵਸਥਾ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ 'ਚ ਘੁੰਮਦੇ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਫੰਡਾਂ ਦੀ ਘਾਟ ਕਾਰਨ ਪਰੇਸ਼ਾਨੀ ਆ ਰਹੀ ਹੈ ਅਤੇ ਇਨ੍ਹਾਂ ਦੇ ਹੱਲ ਸਬੰਧੀ ਪ੍ਰੋਸੈਸ ਚੱਲ ਰਿਹਾ ਹੈ ਅਤੇ ਜਲਦੀ ਹੀ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਖੇਡ ਸਟੇਡੀਅਮ ਅੰਦਰ ਉੱਗੇ ਘਾਹ ਬੂਟੀਆਂ ਦੀ ਸਫਾਈ ਕਰਵਾਈ ਜਾਵੇਗੀ ਅਤੇ ਘਾਹ ਉੱਪਰ ਰਾਊਡਅੱਪ ਦਾ ਛਿੜਕਾਅ ਕਰਵਾਇਆ ਜਾਵੇਗਾ। ਸ਼ਹਿਰ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਦੇਖਰੇਖ ਕਰਨਾ ਪੀ.ਡਬਲਿਊ.ਡੀ ਵਿਭਾਗ ਦੀ ਜ਼ਿੰਮੇਵਾਰੀ ਹੈ। ਪਰ ਸ਼ਹਿਰ ਅੰਦਰ ਟੁੱਟੀਆਂ ਅਤੇ ਖਸਤਾ ਹਾਲ ਸੜਕਾਂ ਸਬੰਧੀ ਕਾਰਜਸਾਧਕ ਅਫਸਰ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।