ਨਸ਼ੇ ਦੀ ਹਾਲਤ 'ਚ ਵੱਡੇ ਭਰਾ ਵੱਲੋਂ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੂਜਾ ਜ਼ਖਮੀ

Last Updated: Aug 04 2020 16:52
Reading time: 1 min, 4 secs

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਫੈਕਟਰੀ ਰੋਡ ਤੇ ਘਰੇਲੂ ਕਲੇਸ਼ ਦੇ ਚੱਲਦਿਆਂ ਨਸ਼ੇ ਦੀ ਹਾਲਤ ਵਿੱਚ ਵੱਡੇ ਭਰਾ ਵੱਲੋਂ ਆਪਣੇ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਇੱਕ ਭਰਾ ਦੀ ਮੌਤ ਹੋ ਗਈ ਜਦਕਿ ਇੱਕ ਜ਼ਖਮੀ ਹੋ ਗਿਆ। ਥਾਣਾ ਸਿਟੀ ਮੁਕਤਸਰ ਪੁਲਿਸ ਦੇ ਇੰਚਾਰਜ ਮੋਹਨ ਲਾਲ ਨੇ ਪੁਲਿਸ ਪਾਰਟੀ ਸਮੇਤ ਘਟਨਾਸਥਾਨ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ 12 ਘੰਟਿਆਂ ਦੇ ਅੰਦਰ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਕਤਲ ਸਮੇਂ ਵਰਤਿਆ ਦਸਤੀ ਚਾਕੂ ਬਰਾਮਦ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਮੁਹੇਸ਼ ਕੁਮਾਰ, ਕਰਨ ਕੁਮਾਰ ਤੇ ਭਾਰਤ ਕੁਮਾਰ ਤਿੰਨੋਂ ਭਰਾ ਸਥਾਨਕ ਫੈਕਟਰੀ ਰੋਡ ਤੇ ਮੰਦਰ ਵਾਲੀ ਗਲੀ ਕੋਲ ਇਕੱਠੇ ਇੱਕੋ ਘਰ 'ਚ ਰਹਿੰਦੇ ਸੀ ਜਿਨ੍ਹਾਂ 'ਚ ਘਰ ਛੋਟਾ ਹੋਣ ਕਾਰਨ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਬੀਤੀ ਰਾਤ ਸਭ ਤੋਂ ਛੋਟਾ ਭਰਾ ਭਾਰਤ ਕੁਮਾਰ ਜਦੋਂ ਆਪਣੇ ਚੁਬਾਰੇ ਵੱਲ ਜਾ ਰਿਹਾ ਸੀ ਤਾਂ ਸਭ ਤੋਂ ਵੱਡੇ ਭਰਾ ਮੁਹੇਸ਼ ਕੁਮਾਰ ਨੇ ਪਿੱਛੇ ਆ ਕੇ ਉਸ ਉੱਪਰ ਦਸਤੀ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਭਾਰਤ ਕੁਮਾਰ ਜ਼ਖਮੀ ਹੋ ਗਈ। ਇਸ ਦੌਰਾਨ ਜਦੋਂ ਮੁਹੇਸ਼ ਕੁਮਾਰ ਨੇ ਫਿਰ ਦੁਬਾਰਾ ਭਾਰਤ ਕੁਮਾਰ 'ਤੇ ਵਾਰ ਕਰਨਾ ਚਾਹਿਆ ਤਾਂ ਉਸ ਦਾ ਵਿਚਕਾਰਲਾ ਭਰਾ ਕਰਨ ਕੁਮਾਰ (30) ਉਸ ਨੂੰ ਰੋਕਣ ਲਈ ਆ ਗਿਆ ਜਿਸ 'ਤੇ ਚਾਕੂ ਕਰਨ ਕੁਮਾਰ ਦੀ ਗਰਦਨ 'ਚ ਲੱਗਾ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇੱਕ ਲੜਕੀ, ਲੜਕਾ ਤੇ ਪਤਨੀ ਛੱਡ ਗਿਆ।