ਅਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐੱਸ.ਡੀ.ਐੱਮ. ਬਟਾਲਾ ਨੇ ਕੀਤੀ ਮੀਟਿੰਗ

Last Updated: Aug 04 2020 14:44
Reading time: 1 min, 6 secs

ਦੇਸ਼ ਦੀ ਅਜ਼ਾਦੀ ਦਾ ਦਿਹਾੜਾ ਇਸ ਵਾਰ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਬਟਾਲਾ ਵਿਖੇ 15 ਅਗਸਤ ਨੂੰ ਮਨਾਏ ਜਾਣ ਵਾਲੇ ਤਹਿਸੀਲ ਪੱਧਰੀ ਅਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਤਹਿਸੀਲਦਾਰ ਬਟਾਲਾ ਸ. ਬਲਜਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਦਵਿੰਦਰ ਸਿੰਘ, ਐੱਸ.ਐੱਚ.ਓ. ਪਰਮਜੀਤ ਸਿੰਘ, ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਇਸ ਵਾਰ ਅਜ਼ਾਦੀ ਦਿਹਾੜੇ ਵਿੱਚ ਭਾਰੀ ਇਕੱਠ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਕੋਵਿਡ ਸਬੰਧੀ ਹਦਾਇਤਾਂ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਅਜ਼ਾਦੀ ਦਿਹਾੜੇ ਨੂੰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਅਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਪੁਰਸ਼ ਤੇ ਮਹਿਲਾ ਪਲਟੂਨਾ ਦੇ ਨਾਲ ਪੰਜਾਬ ਹੋਮਗਾਰਡਜ਼ ਦੇ ਜਵਾਨਾਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਅਜ਼ਾਦੀ ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ ਦੀ ਸ਼ਮੂਲੀਅਤ ਨਹੀਂ ਕੀਤੀ ਜਾਵੇਗੀ ਅਤੇ ਸਿਰਫ਼ ਸ਼ਬਦ ਗਾਇਨ, ਰਾਸ਼ਟਰੀ ਗਾਣ ਅਤੇ ਦੇਸ਼ ਭਗਤੀ ਦੇ ਗੀਤ ਲਈ ਇੱਕ ਦੋ ਸਕੂਲਾਂ ਦੇ ਕੁਝ ਵਿਦਿਆਰਥੀ ਹੀ ਭਾਗ ਲੈਣਗੇ।  

ਐੱਸ.ਡੀ.ਐੱਮ. ਬਟਾਲਾ ਨੇ ਨਗਰ ਨਿਗਮ ਦੇ ਕਰਮੀਆਂ ਨੂੰ ਰਾਜੀਵ ਗਾਂਧੀ ਸਟੇਡੀਅਮ ਦੀ ਸਫ਼ਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਹੋਰ ਵਿਭਾਗਾਂ ਨੂੰ ਵੀ ਆਪਣੀਆਂ ਤਿਆਰੀਆਂ ਸਮਾਂ ਰਹਿੰਦਿਆਂ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜ਼ਾਦੀ ਦਿਹਾੜੇ ਮੌਕੇ ਕੋਰੋਨਾ ਵਾਰੀਅਰਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।