ਜਾਗਿਆ ਰਾਜਾ: ਹੁਣ ਵੰਡੇਗਾ ਘਰ-ਘਰ ਨੌਕਰੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 04 2020 12:50
Reading time: 1 min, 35 secs

ਕਰੀਬ ਸਵਾ ਤਿੰਨ ਸਾਲਾਂ ਦੌਰਾਨ ਸੈਂਕੜੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਫਿਰ ਤੋਂ ਇੱਕ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਹੈ। ਕੈਪਟਨ ਨੇ ਕੋਰੋਨਾ ਕਹਿਰ ਦੇ ਦੌਰਾਨ ਪੰਜਾਬੀਆਂ ਦੇ ਲਈ ਖ਼ੁਸ਼ਖ਼ਬਰੀ ਇਹ ਲਿਆਂਦੀ ਹੈ ਕਿ ਹੁਣ ਸਰਕਾਰ ਆਪਣੇ ਵਾਅਦੇ ਮੁਤਾਬਿਕ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਏਗੀ ਅਤੇ ਇਸ ਤਹਿਤ 24 ਤੋਂ 30 ਸਤੰਬਰ ਤੱਕ ਰੁਜ਼ਗਾਰ ਮੇਲੇ ਵੀ ਲੱਗਣਗੇ।

ਮਿਲੀ ਜਾਣਕਾਰੀ ਦੇ ਮੁਤਾਬਿਕ ਸਤੰਬਰ 2020 ਵਿੱਚ ਲੱਗਣ ਵਾਲੇ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਰੁਜ਼ਗਾਰ ਮੇਲੇ ਦੌਰਾਨ 3000 ਤੋਂ ਵੱਧ ਅਸਾਮੀਆਂ ਤੇ ਨੌਜਵਾਨਾਂ ਦੀ ਭਰਤੀ ਕਰਨ ਦਾ ਟੀਚਾ ਸਰਕਾਰ ਦੇ ਵੱਲੋਂ ਮਿੱਥੀਆ ਗਿਆ ਹੈ, ਇਸ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਕੰਪਨੀਆਂ ਦੇ ਮਾਲਕਾਂ ਨਾਲ ਤਾਲਮੇਲ ਕਰਨ ਲਈ ਆਖਿਆ ਗਿਆ ਹੈ। ਜਿਹੜੀਆਂ ਵੀ ਕੰਪਨੀਆਂ/ਸੰਸਥਾਵਾਂ/ਫ਼ੈਕਟਰੀਆਂ/ਆਰਗੇਨਾਈਜ਼ੇਸ਼ਨਾਂ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਚਾਹੁੰਦੀਆਂ ਹਨ।

ਉਹ 8 ਅਗਸਤ ਤੱਕ ਨਿਰਧਾਰਿਤ ਪ੍ਰੋਫਾਰਮੇ ਵਿੱਚ ਡਿਟੇਲ ਭਰ ਕੇ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਨੂੰ ਭੇਜਣ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦੇ ਅਨੁਸਾਰ ਇਹ ਰੁਜ਼ਗਾਰ ਮੇਲਾ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਆਯੋਜਿਤ ਕੀਤਾ ਜਾਵੇਗਾ। ਜਿਹੜੀਆਂ ਕੰਪਨੀਆਂ ਵੱਲੋਂ ਨੌਕਰੀਆਂ ਲਈ ਨੌਜਵਾਨਾਂ ਦੀ ਭਰਤੀ ਕੀਤੀ ਜਾਣੀ ਹੈ, ਉਹ ਕੰਪਨੀਆਂ ਚੋਣ ਪ੍ਰਕਿਰਿਆ ਆਨਲਾਈਨ ਰੱਖਣ ਨੂੰ ਤਰਜੀਹ ਦੇਣ।

ਇਸ ਸਬੰਧੀ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਬੈਂਕਾਂ ਦੇ ਅਧਿਕਾਰੀਆਂ ਨੂੰ ਵੀ ਡਿਟੇਲ ਭੇਜਣ ਲਈ ਆਖਿਆ ਗਿਆ। ਇਸ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਆਉਣ ਵਾਲੇ ਰੁਜ਼ਗਾਰ ਮੌਕਿਆਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੇ ਮਕਸਦ ਨਾਲ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਮਿਤੀ 24 ਜੁਲਾਈ ਨੂੰ ਇੱਕ ਵੈਬੀਨਾਰ ਵੀ ਆਯੋਜਿਤ ਕੀਤਾ ਜਾਵੇਗਾ।

ਜਿਸ ਵਿੱਚ ਨਾਮੀ ਕੰਪਨੀਆਂ ਮਾਈਕਰੋਸੋਫਟ, ਅੰਸਿਸ, ਵਾਲਮਾਰਟ, ਪੈਪਸੀਕੋ, ਡੈਲ, ਐਮਾਜ਼ੋਨ ਆਦਿ ਵੱਲੋਂ ਹਿੱਸਾ ਲਿਆ ਜਾਵੇਗਾ। ਇਹ ਸੈਮੀਨਾਰ 2 ਸੈਸ਼ਨ 3.00 ਵਜੇ ਤੋਂ 3.45 ਤੱਕ ਅਤੇ 3.45 ਤੋਂ 5.00 ਵੱਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੈਬੀਨਾਰ ਵਿੱਚ ਭਾਗ ਲੈਣ ਲਈ ਪੰਜਾਬ ਸਰਕਾਰ ਦੇ ਪੋਰਟਲ www.pgrkam.com ਤੇ ਰਜਿਸਟ੍ਰੇਸ਼ਨ ਕਰਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।