ਜ਼ਹਿਰੀਲੀ ਸ਼ਰਾਬ: ਤਾਲਾਬੰਦੀ ਵੇਲ਼ੇ ਠੇਕੇ ਖੋਲ੍ਹਣ ਲਈ ਸਭ ਤੋਂ ਕਾਹਲਾ ਪਿਆ ਕੈਪਟਨ ਹੁਣ ਕਿੱਥੇ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 04 2020 12:27
Reading time: 3 mins, 19 secs

ਪਿਛਲੇ ਕੁੱਝ ਦਿਨਾਂ ਦੇ ਅੰਦਰ-ਅੰਦਰ ਹੀ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹੇ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਦੇ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇੱਕ ਪਾਸੇ ਤਾਂ ਘਰਾਂ ਦੇ ਵਿੱਚੋਂ ਲਾਸ਼ਾਂ ਹੀ ਲਾਸ਼ਾਂ ਮਿਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਲੀਡਰਾਂ ਦੇ ਵੱਲੋਂ ਇਸ ਮਾਮਲੇ 'ਤੇ ਗੰਭੀਰਤਾ ਨਾ ਵਿਖਾ ਕੇ, ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਪਾਰਟੀ ਇੱਕ-ਦੂਜੇ 'ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ।

ਦਰਅਸਲ, ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਦੂਸ਼ਣਬਾਜ਼ੀ ਕਰ ਰਹੇ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਐਨ.ਆਰ.ਆਈਜ਼. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਦੂਸ਼ਣਬਾਜ਼ੀ 'ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ' ਵਾਲੀ ਕਹਾਵਤ ਵਾਂਗ ਹੈ, ਕਿਉਂਕਿ ਅਕਾਲੀਆਂ ਦੇ ਰਾਜ ਦੌਰਾਨ ਸਾਲ 2012 ਤੇ 2016 ਵਿੱਚ ਕ੍ਰਮਵਾਰ ਗੁਰਦਾਸਪੁਰ ਤੇ ਬਟਾਲਾ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਰਾਣਾ ਸੋਢੀ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਇਨ੍ਹਾਂ ਘਟਨਾਵਾਂ ਵਿੱਚ ਸੈਂਕੜੇ ਜਾਨਾਂ ਗਈਆਂ ਸਨ। ਉਨ੍ਹਾਂ ਕਿਹਾ ਕਿ ਬਟਾਲਾ ਘਟਨਾ ਸਬੰਧੀ ਨਾ ਤਾਂ ਕੋਈ ਐਫ.ਆਈ.ਆਰ. ਦਰਜ ਹੋਈ ਸੀ ਅਤੇ ਨਾ ਹੀ ਮੁੱਖ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਡਿਵੀਜ਼ਨਲ ਕਮਿਸ਼ਨਰ ਨੂੰ ਮੈਜਿਸਟ੍ਰੇਟੀ ਜਾਂਚ ਕਰਨ ਅਤੇ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਵਿਭਾਗ ਦੇ ਸੱਤ ਅਧਿਕਾਰੀਆਂ ਤੇ ਇੰਸਪੈਕਟਰਾਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਦੋ ਡੀ.ਐਸ.ਪੀਜ਼. ਤੇ ਚਾਰ ਐਸ.ਐਚ.ਓਜ਼. ਨੂੰ ਮੁਅੱਤਲ ਕਰਨ ਤੇ ਉਨ੍ਹਾਂ ਖ਼ਿਲਾਫ਼ ਜਾਂਚ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਦਿਹਾਤੀ ਤੇ ਗੁਰਦਾਸਪੁਰ ਵਿੱਚ 100 ਤੋਂ ਵੱਧ ਜਾਨਾਂ ਗਈਆਂ ਹਨ।

ਸਮੁੱਚੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਜਾ ਰਹੀ ਸੌੜੀ ਸਿਆਸਤ ਨੂੰ ਲੈ ਕੇ ਉਨ੍ਹਾਂ 'ਤੇ ਧਾਵਾ ਬੋਲਦਿਆਂ ਰਾਣਾ ਸੋਢੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਲੋਕ ਤੁਹਾਡੀ ਅਗਵਾਈ 'ਤੇ ਭਰੋਸਾ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਢਹਿ-ਢੇਰੀ ਹੋਣ ਦੇ ਕੰਢੇ ਹੈ, ਕਿਉਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਸੰਤਾਨ ਵੱਲੋਂ ਇੱਕ ਸਦੀ ਤੋਂ ਵੱਧ ਪੁਰਾਣੀ ਸਿਆਸੀ ਪਾਰਟੀ 'ਤੇ ਕਬਜ਼ਾ ਕਰਨ ਦੀ ਬਿਰਤੀ ਅਤੇ ਤਾਨਾਸ਼ਾਹੀ ਰਵੱਈਏ ਤੋਂ ਤੰਗ ਤੇ ਦਮ-ਘੁਟਿਆ ਮਹਿਸੂਸ ਕਰ ਰਹੇ ਪਾਰਟੀ ਦੇ ਵੱਡੇ ਅਹੁਦੇਦਾਰ ਤੇ ਭਰੋਸੇਮੰਦ ਪਹਿਲਾਂ ਹੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਵਿੱਚ ਸ਼ਾਮਲ ਹੋ ਚੁੱਕੇ ਹਨ।

ਦੂਜੇ ਪਾਸੇ ਅੱਜ ਰਾਣਾ ਸੋਢੀ ਨੇ ਇਸ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਕਿਉਂਕਿ ਮੁੱਖ ਮੰਤਰੀ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ, ਕਿ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਲੋਕ ਗ਼ੈਰ-ਕਾਨੂੰਨੀ ਧੰਦਾ ਤੁਰੰਤ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਦਰਅਸਲ, ਦੂਜੇ ਪਾਸੇ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਚਾਰ ਹਫ਼ਤਿਆਂ ਵਿੱਚ ਨਸ਼ੇ ਖ਼ਤਮ ਕਰਨ ਦਾ ਦਾਅਵਾ ਕਰਨ ਵਾਲ਼ੇ ਕੈਪਟਨ ਦੇ ਰਾਜ ਵਿੱਚ ਅੱਜ ਲਗਭਗ ਸਾਢੇ ਤਿੰਨ ਸਾਲਾਂ ਮਗਰੋਂ ਵੀ ਨਸ਼ਾ ਧੜੱਲੇ ਨਾਲ਼ ਕਿਉਂ ਵਿਕ ਰਿਹਾ ਹੈ? ਜਿਨ੍ਹਾਂ ਅਕਾਲੀ ਆਗੂਆਂ ਨੂੰ ਕਾਂਗਰਸੀ ਸਰਕਾਰ ਆਉਣ 'ਤੇ ਜੇਲ੍ਹਾਂ ਵਿੱਚ ਸੁੱਟਣ ਦੀਆਂ ਕੈਪਟਨ ਫੜ੍ਹਾਂ ਮਾਰਦੇ ਸਨ, ਅੱਜ ਵੀ ਉਹ ਬਾਹਰ ਬੈਠੇ ਐਸ਼ਾਂ ਕਿਉਂ ਮਾਣ ਰਹੇ ਨੇ? ਕਿਸੇ ਸਮੇਂ ਖੇਡਾਂ ਵਿੱਚ ਮੋਹਰੀ ਰਹੇ ਸੂਬੇ ਪੰਜਾਬ ਦੀ ਸਰਕਾਰ ਦੀ ਆਮਦਨ ਦਾ ਤੀਜਾ ਸਭ ਤੋਂ ਵੱਡਾ ਸਰੋਤ ਅੱਜ ਦਾਰੂ ਕਿਉਂ ਬਣ ਚੁੱਕੀ ਹੈ?

ਪਿੰਡ ਪੱਧਰ 'ਤੇ ਨੌਜਵਾਨਾਂ ਨੂੰ ਖੇਡਾਂ ਵੱਲ ਤੋਰਨ ਦਾ ਕੋਈ ਉਪਰਾਲਾ ਨਹੀਂ, ਖੇਡ ਕਲੱਬਾਂ ਫ਼ੰਡਾਂ ਦੀ ਘਾਟ ਕਾਰਨ ਠੱਪ ਹੋ ਰਹੀਆਂ ਨੇ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ, ਸਗੋਂ ਪਿੰਡ ਪੱਧਰ 'ਤੇ ਠੇਕੇ ਧੜਾਧੜ ਖੁੱਲ੍ਹ ਰਹੇ ਹਨ। ਪੰਜਾਬ ਦੇ ਸ਼ਰਾਬ ਦੇ ਕਾਰੋਬਾਰ 'ਤੇ ਕਾਬਜ਼ ਬੈਠੇ ਦੋ-ਚਾਰ ਵੱਡੇ ਠੇਕੇਦਾਰ ਆਖ਼ਰ ਕਿਸ ਦੇ ਸਕੇ ਹਨ, ਕਿ ਕੈਪਟਨ ਸਰਕਾਰ ਇਨ੍ਹਾਂ ਦੇ ਕਾਰੋਬਾਰ ਨੂੰ ਬੰਦ ਨਹੀਂ ਕਰਵਾਉਂਦੀ? ਤਾਲਾਬੰਦੀ ਵੇਲ਼ੇ ਠੇਕੇ ਖੋਲ੍ਹਣ ਲਈ ਸਭ ਤੋਂ ਕਾਹਲਾ ਪਿਆ ਕੈਪਟਨ ਹੁਣ ਕਿੱਥੇ ਹੈ? ਸਿੱਟ ਬਣਾਉਣ ਨਾਲ਼, ਨਿਆਇਕ ਜਾਂਚਾਂ ਨਾਲ਼, ਜੇ ਕੁੱਝ ਨਿਕਲਣਾ ਹੁੰਦਾ ਤਾਂ ਪੰਜਾਬ ਇਸ ਕਦਰ ਅੱਜ ਭੁੰਜੇ ਨਾ ਲੱਗਾ ਹੁੰਦਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।