ਗਰਭਵਤੀ ਔਰਤਾਂ ਨੂੰ ਟੈਲੀ-ਮੈਡੀਸਨ ਸਲਾਹ ਦੇਣ ਲਈ 70 ਗਾਇਨੀਕਾਲੋਜਿਸਟਾਂ ਨੂੰ ਦਿੱਤੀ ਵਿਸ਼ੇਸ਼ ਸਿਖਲਾਈ- ਚੇਅਰਮੈਨ ਚੀਮਾ

ਕੋਰੋਨਾ ਵਾਇਰਸ ਤੋਂ ਗਰਭਵਤੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਗਰਭਵਤੀ ਔਰਤਾਂ ਨੂੰ ਟੈਲੀ-ਮੈਡੀਸਨ ਸਲਾਹ-ਮਸ਼ਵਰੇ ਦੇਣ ਲਈ 70 ਗਾਇਨੀਕਾਲੋਜਿਸਟਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਹੈ। ਇਸ ਤੋਂ ਇਲਾਵਾ ਕੋਵਿਡ-19 ਪਾਜ਼ੀਟਿਵ ਗਰਭਵਤੀ ਔਰਤਾਂ ਦੇ ਜਣੇਪੇ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਵੱਖਰੇ ਲੇਬਰ ਰੂਮ ਸਥਾਪਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਗਾਇਨੀਕਾਲੋਜਿਸਟ ਵੱਲੋਂ ਟੈਲੀ-ਮੈਡੀਸਨ ਸਲਾਹ ਦੇ ਨਾਲ-ਨਾਲ ਆਮ ਓਪੀਡੀ ਸੇਵਾਵਾਂ ਜੋ ਕਿ 'ਈ-ਸੰਜੀਵਨੀ' ਐਪ ਤੇ ਉਪਲਬਧ ਹਨ, ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਇਹ ਐਪ ਐਂਡਰਾਇਡ ਮੋਬਾਈਲ 'ਤੇ ਅਸਾਨੀ ਨਾਲ ਉਪਲਬਧ ਹੈ ਇਸ ਲਈ ਲੈਪਟਾਪ/ਕੰਪਿਊਟਰ 'ਤੇ ਕੋਈ ਨਿਰਭਰਤਾ ਨਹੀਂ ਹੈ। ਕੋਈ ਵੀ ਵਿਅਕਤੀ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਨਲਾਈਨ ਸਿਹਤ ਸਲਾਹ ਦੀਆਂ ਮੁਫਤ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਇਹ ਉਨ੍ਹਾਂ ਗਰਭਵਤੀ ਔਰਤਾਂ ਲਈ ਇੱਕ ਵਰਦਾਨ ਸਾਬਤ ਹੋਇਆ ਹੈ ਜੋ ਕੋਵਿਡ-19 ਦੇ ਡਰ ਕਾਰਨ ਜਨਰਲ ਓਪੀਡੀ ਵਿੱਚ ਜਾਣ ਤੋਂ ਕਤਰਾਉਂਦੀਆਂ ਸਨ। ਹਾਲਾਂਕਿ, ਏ.ਐੱਨ. ਸੀ ਪ੍ਰੋਗਰਾਮ ਦਿਹਾਤੀ ਖੇਤਰਾਂ ਵਿੱਚ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਤਾਲਾਬੰਦੀ ਤੋਂ ਬਾਅਦ ਸਾਰੇ ਐਚ ਡਬਲਯੂ ਸੀ/ਐਸ ਸੀ ਵਿੱਚ ਨਿਰੰਤਰ ਕਾਰਜਸ਼ੀਲ ਰਿਹਾ ਹੈ।

ਚੇਅਰਮੈਨ ਚੀਮਾ ਨੇ ਦੱਸਿਆ ਕਿ ਅਪ੍ਰੈਲ ਤੋਂ ਜੂਨ, 2020 ਤੱਕ ਕੁੱਲ 90,463 ਏ.ਐਨ.ਸੀ ਰਜਿਸਟਰਡ ਹੋਏ ਅਤੇ ਸੂਬੇ ਵਿੱਚ 63,827 ਜਣੇਪੇ ਹੋਏ। ਉਨ੍ਹਾਂ ਅੱਗੇ ਕਿਹਾ ਕਿ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸਦੇ ਤਹਿਤ ਅਪ੍ਰੈਲ ਤੋਂ ਜੂਨ ਤੱਕ ਕੋਵਿਡ-19 ਲਈ 12,479 ਗਰਭਵਤੀ ਔਰਤਾਂ ਦਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 118 ਦਾ ਟੈਸਟ ਪਾਜ਼ੀਟਿਵ ਆਇਆ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੇ 56 ਜਣੇਪੇ ਸਰਕਾਰੀ ਹਸਪਤਾਲਾਂ ਵਿੱਚ ਹੋਏ, ਜਿਨ੍ਹਾਂ ਵਿੱਚੋਂ 20 ਆਮ ਅਤੇ 36 ਆਪ੍ਰੇਸ਼ਨ ਰਾਹੀਂ ਸਫਲਤਾਪੂਰਵਕ ਕਰਵਾਏ ਗਏ ਹਨ।

ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਭਰ ਵਿੱਚ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਜੱਚਾ-ਬੱਚਾ ਸਿਹਤ ਸੰਭਾਲ ਸੇਵਾਵਾਂ ਸੂਬੇ ਵਿੱਚ ਨਿਰਵਿਘਨ ਜਾਰੀ ਹਨ ਕਿਉਂਕਿ ਸਾਡੇ ਸਿਹਤ ਸੰਭਾਲ ਅਮਲੇ ਨੇ ਸੁਰੱਖਿਅਤ ਜਣੇਪੇ ਕਰਵਾਏ ਅਤੇ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ (ਐਂਟੀਨੇਟਲ ਚੈਕਅੱਪ) ਮੁਹੱਈਆ ਕਰਵਾਈ। ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਾਨ-ਕੋਵਿਡ ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਸਬੰਧੀ ਨਿਯਮਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ )

ਕੋਰੋਨਾ ਮਹਾਮਾਰੀ ਮੱਦੇ ਨਜ਼ਰ ਖੇਤੀਬਾੜੀ ਲਈ ਵਿਸ਼ੇਸ਼ ਹੁਲਾਰਾ ਜ਼ਰੂਰੀ (ਚੀਮਾ ਵੱਲੋਂ ਮੈਂਬਰ ਨੀਤੀ ਆਯੋਗ ਨਾਲ ਅਹਿਮ ਮੁਲਾਕਾਤ ) ...