'ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਓਂ ਖੇਤੀ ਛੱਡੋ' !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 02 2020 18:02
Reading time: 2 mins, 8 secs

'ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਓਂ ਖੇਤੀ ਛੱਡੋ'। ਇਹ ਨਾਅਰਾ ਅੱਜ ਦੇਸ਼ ਦਾ ਹਰ ਕਿਸਾਨ ਮਜ਼ਦੂਰ ਲਗਾ ਰਿਹਾ ਹੈ, ਕਿਉਂਕਿ ਖੇਤੀ 'ਤੇ ਲਗਾਤਾਰ ਕਾਰਪੋਰੇਟ ਘਰਾਣੇ ਕਬਜ਼ੇ ਕਰਦੇ ਜਾ ਰਹੇ ਹਨ। ਹਾਕਮ ਜਮਾਤ ਦੇ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਸ਼ਹਿ ਦੇ ਕੇ, ਕਿਸਾਨਾਂ ਨੂੰ ਬਰਬਾਦ ਕਰਨ ਦਾ ਜੋ ਟੀਚਾ ਮਿਥਿਆ ਗਿਆ ਹੈ, ਲੱਗਦਾ ਹੈ ਕਿ ਕਿਸਾਨ ਮਜ਼ਦੂਰ ਉਸ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਕਿਉਂਕਿ ਦੇਸ਼ ਭਰ ਦੇ ਕਿਸਾਨਾਂ ਵਿੱਚ ਕਾਰਪੋਰੇਟ ਘਰਾਣਿਆਂ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।

ਦਰਅਸਲ, ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵਿੱਚ ਸ਼ਾਮਲ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਲੰਘੇ ਦਿਨੀਂ ਇੱਕ ਇਕੱਠ ਕਰਕੇ, ਇਹ ਪ੍ਰਣ ਲਿਆ ਕਿ ਅਗਸਤ ਮਹੀਨੇ ਦੇ ਦੂਜੇ ਹਫ਼ਤੇ ਦੀ 9 ਤਰੀਕ ਤੋਂ ਦੇਸ਼ ਵਿਆਪੀ ਪ੍ਰੋਗਰਾਮ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮ ਦਾ ਮੁੱਖ ਨਾਅਰਾ 'ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਓਂ ਖੇਤੀ ਛੱਡੋ' ਹੋਵੇਗਾ। ਦੱਸਣਾ ਬਣਦਾ ਹੈ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੀ ਨੈਸ਼ਨਲ ਕਮੇਟੀ ਵੱਲੋਂ ਐਲਾਨੇ ਪ੍ਰੋਗਰਾਮ ਵਿੱਚ ਪੰਜਾਬ ਦੇ ਕਿਸਾਨ ਵੱਡੇ ਪੱਧਰ 'ਤੇ ਹਿੱਸਾ ਲੈਣਗੇ।

ਕਿਉਂਕਿ 9 ਅਗਸਤ 1942 ਨੂੰ 'ਅੰਗਰੇਜ਼ੋ-ਭਾਰਤ ਛੱਡੋ' ਦੇ ਨਾਅਰੇ ਹੇਠ ਇਨਕਲਾਬੀਆਂ ਦੇ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਉਸ ਦਿਨ ਨੂੰ ਮਨਾਉਣ ਲਈ ਪੂਰੇ ਭਾਰਤ ਵਿੱਚ 9 ਮੰਗਾਂ ਦਾ ਚਾਰਟਰ ਬਣਾਇਆ ਗਿਆ ਹੈ। ਜਿਸ ਨੂੰ ਇੱਕ ਚਿੱਠੀ ਦੇ ਰੂਪ ਵਿੱਚ ਕੁੱਲ ਹਿੰਦ ਸੰਘਰਸ਼ ਕਮੇਟੀ ਵਿੱਚ ਸ਼ਾਮਲ 250 ਤੋਂ ਵੱਧ ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜਿਆ ਜਾ ਰਿਹਾ ਹੈ ਅਤੇ 9 ਅਗਸਤ ਨੂੰ ਸਾਰੇ ਭਾਰਤ ਵਿੱਚ ਧਰਨੇ, ਮੁਜ਼ਾਹਰੇ, ਰੋਸ ਮਾਰਚ, ਰੈਲੀਆਂ ਆਦਿ ਪ੍ਰੋਗਰਾਮ ਕੀਤੇ ਜਾਣਗੇ।

ਪੰਜਾਬ ਚੈਪਟਰ ਵਿੱਚ ਸ਼ਾਮਲ 10 ਕਿਸਾਨ ਜੱਥੇਬੰਦੀਆਂ, 10 ਅਗਸਤ ਨੂੰ ਸਾਰੇ ਪੰਜਾਬ ਵਿੱਚ ਅਸੈਂਬਲੀ ਅਤੇ ਸੰਸਦ ਦੇ ਚੁਣੇ ਹੋਏ ਕਾਂਗਰਸ, ਅਕਾਲੀਆਂ, ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫ਼ਤਰਾਂ ਜਾਂ ਘਰਾਂ/ਦਫ਼ਤਰਾਂ ਤੱਕ ਮੋਟਰਸਾਈਕਲਾਂ, ਕਾਰਾਂ, ਜੀਪਾਂ, ਸਕੂਟਰਾਂ ਅਤੇ ਸਕੂਟਰੀਆਂ 'ਤੇ ਸਵਾਰ ਹੋਕੇ ਰੋਸ ਮਾਰਚ ਕਰਨ ਉਪਰੰਤ ਉਨ੍ਹਾਂ ਨੂੰ ਭਾਰਤ ਭਰ ਦੇ ਕਿਸਾਨਾਂ ਦੇ ਮਸਲਿਆਂ ਅਤੇ ਮੁੱਦਿਆਂ ਦਾ ਚਿੱਠਾ ਜੋ ਪਹਿਲਾਂ ਹੀ 9 ਸੂਤਰੀ ਮੰਗ ਪੱਤਰ, ਜੋ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਦੇ ਰੂਪ ਵਿੱਚ ਭੇਜੇ ਜਾ ਚੁੱਕੇ ਹੋਣਗੇ, ਇੱਕ ਚਿਤਾਵਨੀ ਪੱਤਰ ਦੇ ਨਾਲ ਦੇਣਗੇ।

ਚਿਤਾਵਨੀ ਪੱਤਰ ਵਿੱਚ ਚਿਤਾਵਨੀ ਜਾਵੇਗੀ ਕਿ ਜੇਕਰ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਬਿੱਲ-2020 ਵਾਪਸ ਲੈਣ, ਡੀਜ਼ਲ ਦਾ ਰੇਟ ਅੱਧਾ ਕਰਾਉਣ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ, ਫ਼ਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਤਹਿ ਕਰਵਾਉਣ। ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ਤੋਂ ਮੁਕਤੀ ਦਿਵਾਉਣ ਅਤੇ ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ 'ਤੇ ਨਿਰਭਰ ਕਿਸਾਨਾਂ ਅਤੇ ਗੰਨਾਂ ਉਤਪਾਦਕਾਂ ਦੀਆਂ ਮੰਗਾਂ ਮੰਨਵਾਉਣ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਪਿੰਡਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਰਹਿਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।