ਇਨਸਾਫ਼ ਪਸੰਦ ਅਤੇ ਸਾਫ਼ ਅਕਸ ਵਾਲੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਖੰਨਾ ਦੇ ਐਸ.ਪੀ (ਆਈ) ਤਾਇਨਾਤ

Last Updated: Aug 01 2020 20:14
Reading time: 1 min, 18 secs

ਸੂਬਾ ਸਰਕਾਰ ਵੱਲੋਂ ਬੀਤੇ ਦਿਨੀਂ ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਬਦਲਾਅ ਕਰਦੇ ਹੋਏ 12 ਐਸਐਸਪੀਜ਼ ਸਮੇਤ 88 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੁਲਿਸ ਵਿਭਾਗ 'ਚ ਪੂਰੀ ਇਮਾਨਦਾਰੀ ਅਤੇ ਪਰਿਪੱਕਤਾ ਦੇ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਇਨਸਾਫ਼ ਪਸੰਦ ਪੁਲਿਸ ਅਧਿਕਾਰੀ ਐਸ.ਪੀ ਮਨਪ੍ਰੀਤ ਸਿੰਘ ਨੂੰ ਪਟਿਆਲਾ ਦੇ ਰਾਜਪੁਰਾ ਤੋਂ ਬਦਲੀ ਕਰਕੇ ਪੁਲਿਸ ਜ਼ਿਲ੍ਹਾ ਖੰਨਾ ਦਾ ਐਸ.ਪੀ (ਆਈ) ਤਾਇਨਾਤ ਕੀਤਾ ਗਿਆ ਹੈ। ਬੀਤੇ ਕੁਝ ਸਮਾਂ ਪਹਿਲਾਂ ਹੀ ਡੀਐਸਪੀ ਤੋਂ ਪ੍ਰਮੋਟ ਹੋ ਕੇ ਐਸ.ਪੀ ਬਣਨ ਵਾਲੇ ਮਨਪ੍ਰੀਤ ਸਿੰਘ ਪੁਲਿਸ ਵਿਭਾਗ 'ਚ ਸਾਫ਼ ਅਕਸ ਅਤੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ।

ਪੁਲਿਸ ਜ਼ਿਲ੍ਹਾ ਖੰਨਾ 'ਚ ਪਹਿਲਾਂ ਤਾਇਨਾਤ ਰਹੇ ਐਸ.ਪੀ (ਆਈ) ਜਗਵਿੰਦਰ ਸਿੰਘ ਚੀਮਾ ਨੂੰ ਟਰਾਂਸਫ਼ਰ ਕਰਕੇ ਜ਼ਿਲ੍ਹਾ ਬਰਨਾਲਾ 'ਚ ਤਾਇਨਾਤ ਕੀਤਾ ਗਿਆ ਹੈ। ਖੰਨਾ 'ਚ ਤਾਇਨਾਤ ਕੀਤੇ ਗਏ ਐਸ.ਪੀ (ਆਈ) ਮਨਪ੍ਰੀਤ ਸਿੰਘ ਇਸਤੋਂ ਪਹਿਲਾਂ ਜ਼ਿਲ੍ਹਾ ਫਤਹਿਗੜ ਸਾਹਿਬ ਅਧੀਨ ਪੈਂਦੇ ਸਬ ਡਵੀਜ਼ਨ ਅਮਲੋਹ ਅਤੇ ਫਤਹਿਗੜ ਸਾਹਿਬ 'ਚ ਬਤੌਰ ਡੀਐਸਪੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਡੀਐਸਪੀ ਤੋਂ ਬਤੌਰ ਐਸ.ਪੀ ਬਣਨ ਦੇ ਬਾਅਦ ਰਾਜਪੁਰਾ ਸਬ ਡਵੀਜ਼ਨ ਆਪਣੀ ਡਿਊਟੀ ਕਰ ਰਹੇ ਸਨ।

ਨਵਨਿਯੁਕਤ ਐਸ.ਪੀ (ਆਈ) ਮਨਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਉਨ੍ਹਾਂ ਦੀ ਪਹਿਲ ਆਪਣੇ ਅਹੁਦੇ ਅਤੇ ਕੁਰਸੀ ਦੇ ਫ਼ਰਜ਼ਾਂ ਨਾਲ ਇਨਸਾਫ਼ ਕਰਨਾ ਪ੍ਰਮੁੱਖ ਤਰਜੀਹ ਹੋਵੇਗੀ। ਇਸਤੋਂ ਇਲਾਵਾ ਨਸ਼ੀਲੇ ਪਦਾਰਥਾਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।

ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹਰੇਕ ਵਰਗ ਦੇ ਲੋਕਾਂ ਨੂੰ ਹਰ ਮਾਮਲੇ 'ਚ ਪਹਿਲ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਪੂਰਾ ਇਨਸਾਫ਼ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕਿਸੇ ਵੀ ਬੇਕਸੂਰ ਵਿਅਕਤੀ ਨਾਲ ਨਜਾਇਜ਼ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਕਿਸੇ ਕਸੂਰਵਾਰ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।