ਕੀ ਰੈਪਿਡ ਟੈਸਟ ਨਤੀਜਿਆਂ ਨਾਲ ਨਿਪਟਣ ਲਈ ਤਿਆਰ ਹੈ, ਸਾਡਾ ਸਿਹਤ ਸਿਸਟਮ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 20:07
Reading time: 1 min, 58 secs

ਬਿਨਾਂ ਸ਼ੱਕ ਭਾਰਤ ਵਿੱਚ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਗੱਲ ਕਰੀਏ ਜੇਕਰ ਸੰਕਰਮਣ ਦਾ ਸ਼ਿਕਾਰ ਹੋਣ ਵਾਲੇ ਅਤੇ ਮਰਨ ਵਾਲਿਆਂ ਦੇ ਅੰਕੜੇ ਦੀ ਤਾਂ, ਇਹ ਵੀ ਨਿੱਤ ਦਿਨ ਪੁਰਾਣੇ ਰਿਕਾਰਡ ਤੋੜ ਕੇ, ਨਵੇਂ ਬਣਾਉਂਦਾ ਹੋਇਆ ਪ੍ਰਤੀਤ ਹੋ ਰਿਹਾ ਹੈ। ਦੋਸਤੋ, ਕੋਰੋਨਾ ਮਰੀਜ਼ਾਂ ਦੀਆਂ ਗਿਣਤੀਆਂ ਮਿਣਤੀਆਂ ਦੀ ਜ਼ਮੀਨੀ ਹਕੀਕਤ ਕੀ ਹੈ, ਅਸੀਂ ਇਸ ਤੇ ਬਿਨਾਂ ਕੋਈ ਚਰਚਾ ਕੀਤਿਆਂ ਜੇਕਰ ਅੱਗੇ ਵਧੀਏ ਤਾਂ ਫਿਰ ਵੀ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖੀ ਜਾ ਸਕਦੀ ਕਿ, ਸਾਡਾ ਸਿਹਤ ਸਿਸਟਮ, ਕੋਰੋਨਾ ਮਰੀਜ਼ਾਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਜੇਕਰ ਸੋਸ਼ਲ ਮੀਡੀਆ ਤੇ ਚੱਲਦੀਆਂ ਚਰਚਾਵਾਂ ਨੂੰ ਇੰਨ ਬਿੰਨ ਸਹੀ ਵ ਦਰੁਸਤ ਮੰਨ ਲਈਏ ਤਾਂ ਇਹ ਗੱਲ ਵੀ ਮੰਨਣੀ ਬਣਦੀ ਹੈ ਕਿ, ਇਸ ਵੇਲੇ ਸਾਡੇ ਸਿਹਤ ਸਿਸਟਮ ਕੋਲ ਉਹ ਅਤੇ ਉੱਨੇ ਇੰਤਜ਼ਾਮਾਤ ਨਹੀਂ ਹਨ, ਜਿੰਨੇ ਕਿ ਹੋਣੇ ਚਾਹੀਦੇ ਹਨ।

ਦੋਸਤੋ, ਇਹ ਸਭ ਕੁਝ ਵੀ ਉਸ ਵੇਲੇ ਹੋ ਰਿਹਾ ਹੈ, ਜਦੋਂ ਸਿਹਤ ਵਿਭਾਗ ਆਪਣੀਆਂ ਸੁਵਿਧਾਵਾਂ ਅਤੇ ਇੰਤਜ਼ਾਮਾਤ ਨੂੰ ਧਿਆਨ ਵਿੱਚ ਰੱਖ ਕੇ ਟੈਸਟ ਕਰ ਰਿਹਾ ਹੈ। ਖ਼ਬਰਾਂ ਆ ਰਹੀਆਂ ਹਨ ਕਿ, ਭਾਰਤ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਰੈਪਿਡ ਟੈਸਟ ਸ਼ੁਰੂ ਕਰਨ ਜਾ ਰਹੀ ਹੈ, ਜਿਹੜੇ ਕਿ ਕਿਸੇ ਵੀ ਮਰੀਜ਼ ਦੇ ਪਾਜ਼ੀਟਿਵ ਜਾਂ ਨੈਗੇਟਿਵ ਹੋਣ ਬਾਰੇ ਮਹਿਜ਼ 30 ਸੈਕਿੰਡ ਵਿੱਚ ਦੱਸ ਦੇਵੇਗੀ।

ਖ਼ਬਰਾਂ ਆ ਰਹੀਆਂ ਹਨ ਕਿ, ਇਜ਼ਰਾਈਲੀ ਵਿਗਿਆਨੀਆਂ ਦੀ ਇੱਕ ਟੀਮ ਵੱਲੋਂ ਵਿਕਸਤ ਰੈਪਿਡ ਟੈਸਟ ਕਿੱਟ ਦਾ ਬਕਾਇਦਾ ਤੌਰ ਤੇ ਦਿੱਲੀ ਦੇ ਡਾਕਟਰਾਂ ਨੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਦਾਅਵੇ ਅਨੁਸਾਰ, ਸ਼ੁਰੂਆਤੀ ਦੌਰ ਵਿੱਚ ਕਰੀਬ 10 ਹਜ਼ਾਰ ਲੋਕਾਂ ਦਾ ਦੋ ਵਾਰ ਪਰੀਖਣ ਕੀਤਾ ਜਾਵੇਗਾ। ਦੱਸਿਆ ਜਾ ਰਿਹੈ ਕਿ, ਇਸ ਟੈਸਟ ਲਈ ਵਿਅਕਤੀ ਨੂੰ ਸਾਹ ਨਲੀ ਜਿਹੇ ਉਪਕਰਣ ਨੂੰ ਝਟਕਾ ਦੇਣਾ ਜਾਂ ਉਸ 'ਚ ਬੋਲਣਾ ਪਵੇਗਾ, ਜੋ ਪਰੀਖਣ ਲਈ ਨਮੂਨੇ ਇਕੱਠੇ ਕਰ ਲਵੇਗਾ ਖ਼ੋਜੀਆਂ ਦਾ ਕਹਿਣਾ ਕਿ ਜੇਕਰ ਇਹ ਤਕਨੀਕ ਸਫ਼ਲ ਰਹਿੰਦੀ ਹੈ ਤਾਂ ਇਹ ਨਾ ਸਿਰਫ਼ ਲੋਕਾਂ ਨੂੰ 30 ਸਕਿੰਟ 'ਚ ਕੋਰੋਨਾ ਦਾ ਰਿਜ਼ਲਟ ਦੇਵੇਗੀ ਬਲਕਿ ਲੋਕ ਵੈਕਸੀਨ ਵਿਕਸਤ ਹੋਣ ਤੱਕ ਵਾਇਰਸ ਦੇ ਨਾਲ ਆਸਾਨੀ ਨਾਲ ਰਹਿਣ 'ਚ ਸਮਰੱਥ ਹੋ ਜਾਣਗੇ।

ਦੋਸਤੋ, ਮੰਨ ਲਓ ਕਿ, ਰੈਪਿਡ ਟੈਸਟ ਦੀ ਇਹ ਵਿਧੀ ਸਫ਼ਲ ਸਿੱਧ ਹੁੰਦੀ ਹੈ ਪਰ ਬਾਵਜੂਦ ਇੱਥੇ ਵੱਡਾ ਸਵਾਲ ਇਹੋ ਪੈਦਾ ਹੁੰਦਾ ਹੈ ਕਿ, ਕੀ, ਸਾਡਾ ਸਿਹਤ ਸਿਸਟਮ, ਰੈਪਿਡ ਟੈਸਟ ਨਤੀਜਿਆਂ ਨਾਲ ਨਿਪਟਣ ਲਈ ਤਿਆਰ ਹੈ। ਦੋਸਤੋ, ਜ਼ਾਹਿਰ ਹੀ ਹੈ ਕਿ, ਰੈਪਿਡ ਟੈਸਟ ਦੇ ਨਤੀਜੇ ਤੇਜ਼ੀ ਨਾਲ ਆਉਣ ਦੇ ਕਾਰਨ, ਟੈਸਟਾਂ ਦੀ ਗਿਣਤੀ ਵੀ ਵਧੇਗੀ, ਜੇਕਰ ਟੈਸਟਾਂ ਦੀ ਗਿਣਤੀ ਵਧੇਗੀ ਤਾਂ ਮਰੀਜ਼ਾਂ ਦੀ ਗਿਣਤੀ ਵੀ ਵਧਣ ਦੇ ਅਸਾਰ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।