ਕੋਰੋਨਾ ਦੀਆਂ ਮੌਤਾਂ ਦੀ ਗਿਣਤੀ ਨੂੰ ਵੀ ਮਾਤ ਦੇ ਗਈ, ਸ਼ਰਾਬ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 19:53
Reading time: 2 mins, 36 secs

ਇਹ ਗੱਲ ਠੀਕ ਹੈ ਕਿ, ਕੋਰੋਨਾ ਮਹਾਂਮਾਰੀ ਨੇ ਦੁਨੀਆ ਦੇ ਵੱਡੇ-ਵੱਡੇ ਧਨੰਤਰ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਨ੍ਹਾਂ ਦੇਸ਼ਾਂ ਦੀ ਸਰਕਾਰਾਂ ਦਾ ਹਿੱਲਣਾ ਵਾਜ਼ਿਬ ਵੀ ਹੈ ਕਿਉਂਕਿ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ, ਉਨ੍ਹਾਂ ਦੇਸ਼ਾਂ ਵਿੱਚ ਮਨੁੱਖੀ ਕਦਰਾਂ ਕੀਮਤਾਂ ਸਾਡੇ ਨਾਲੋਂ ਕਿਤੇ ਵੱਧ ਬਿਹਤਰ ਹਨ। ਯਾਨੀ ਕਿ, ਉਨ੍ਹਾਂ ਦੇਸ਼ਾਂ ਵਿੱਚ ਬੰਦੇ ਨੂੰ ਬੰਦਾ ਹੀ ਸਮਝਿਆ ਜਾਂਦਾ ਹੈ, ਇਹ ਨਿਊਜ਼ਨੰਬਰ ਦਾ ਦਾਅਵਾ ਨਹੀਂ ਹੈ, ਅਕਸਰ ਇਹੋ ਜਿਹੀਆਂ ਗੱਲਾਂ ਖ਼ੁੰਡ ਚਰਚਾ ਦਾ ਵਿਸ਼ਾ ਬਣਦੀਆਂ ਹੀ ਰਹਿੰਦੀਆਂ ਹਨ।

ਦੋਸਤੋ, ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦਾ ਅੰਕੜਾ ਤਿੰਨ ਦਰਜਨ ਤੋਂ ਵੱਧ ਕੇ ਚਾਰ ਦਰਜਨ ਨੂੰ ਪਾਰ ਕਰ ਗਿਆ ਹੈ। ਇਹ ਅੰਕੜਾ ਹੋਰ ਨਹੀਂ ਵਧੇਗਾ, ਇਸ ਬਾਰੇ, ਇਸ ਵੇਲੇ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ। ਕਿਹਾ ਇਸ ਲਈ ਨਹੀਂ ਜਾ ਸਕਦਾ ਕਿ, ਸਾਡੇ ਸੂਬੇ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਵਿਚਾਰ ਵੀ ਇਸ ਬਾਰੇ ਕੁਝ ਸਾਡੇ ਨਾਲ ਹੀ ਮੇਲ ਖ਼ਾਂਦੇ ਹਨ, ਉਹ ਵੀ ਮੰਨਦੇ ਹਨ ਕਿ, ਮੌਤਾਂ ਦਾ ਅੰਕੜਾ ਵੱਧ ਸਕਦਾ ਹੈ। ਅਲੋਚਕਾਂ ਅਨੁਸਾਰ, ਮੌਤਾਂ ਦੇ ਅੰਕੜੇ ਸਰਕਾਰਾਂ ਕੁਝ ਸਮੇਂ ਲਈ ਘਟਾ ਕੇ ਦੱਸ ਸਕਦੀਆਂ ਹਨ ਪਰ ਉਨ੍ਹਾਂ ਤੇ ਬਹੁਤੀ ਦੇਰ ਪਰਦਾ ਨਹੀਂ ਪਾ ਸਕਦੀਆਂ ਕਿਉਂਕਿ, ਜ਼ਾਮਨਾਂ ਸੋਸ਼ਲ ਮੀਡੀਆ ਦਾ ਹੈ।

ਦੋਸਤੋ, ਮੌਤਾਂ ਦੀ ਗਿਣਤੀ ਕਿਸ ਸ਼ਹਿਰ ਵਿੱਚ ਕਿੰਨੀ ਰਹੀ? ਮਰਨ ਵਾਲਿਆਂ ਦੀ ਪਹਿਚਾਣ, ਉਨ੍ਹਾਂ ਦੀ ਉਮਰ ਅਤੇ ਉਨ੍ਹਾਂ ਦੇ ਪੇਸ਼ਿਆਂ ਬਾਰੇ ਦੱਸਣਾ ਸਾਡਾ ਮਕਸਦ ਨਹੀਂ ਹੈ, ਸਾਡਾ ਮਕਸਦ ਤਾਂ ਉਸ ਕਾਰਨ ਬਾਰੇ ਜਾਨਣਾ ਹੈ, ਜਿਸਦੇ ਚੱਲਦਿਆਂ ਘਰਾਂ ਦੇ ਘਰ ਉੱਜੜ ਗਏ, ਜਾਂ ਇਹ ਦੱਸਣਾ ਹੈ ਕਿ, ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ, ਕੋਰੋਨਾ ਵਾਇਰਸ ਨੂੰ ਵੀ ਮਾਤ ਪਾ ਗਿਆ ਹੈ, ਜੇਕਰ ਨਹੀਂ ਯਕੀਨ ਤਾਂ, ਚੁੱਕ ਲਓ ਦੋ ਦਿਨਾਂ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ਨੂੰ।

ਮੰਨਿਆ ਕਿ, ਮੌਤਾਂ ਦੇ ਬਾਅਦ ਮੁੱਖ ਮੰਤਰੀ ਪੰਜਾਬ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ਦੇ ਖ਼ਿਲਾਫ਼ ਹਮਲੇ ਤੇਜ਼ ਕਰ ਦਿੱਤੇ ਹਨ, ਪਰ ਸਵਾਲ ਤਾਂ ਇਹ ਹੈ ਕਿ, ਆਖ਼ਰ ਇਸ ਸਭ ਦੇ ਬਾਅਦ ਹਾਸਲ ਕੀ ਹੋਵੇਗਾ? ਸਵਾਲ ਤਾਂ ਇਹ ਵੀ ਹੈ ਕਿ, ਅੱਜ ਤੱਕ ਕਿਸੇ ਜਾਂਚ ਕਮੇਟੀ, ਜਾਂਚ ਕਮਿਸ਼ਨ, ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਜਾਂ ਮੈਜਿਸਟ੍ਰੇਟੀ ਜਾਂਚਾਂ ਨੇ ਲੋਕਾਂ ਦੇ ਪੱਲੇ ਕੀ ਪਾਇਆ ਹੈ। ਲੋਕਾਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ, ਪਰ ਕਮਿਸ਼ਨ ਕਮੇਟੀਆਂ ਦੀਆਂ ਰਿਪੋਰਟਾਂ ਨਹੀਂ ਆਉਂਦੀਆਂ ਜੇ ਆਉਂਦੀਆਂ ਹਨ ਤਾਂ ਨਤੀਜਾ ਕੀ ਨਿੱਕਲਦਾ ਹੈ?

ਦੋਸਤੋ, ਸਾਨੂੰ ਸਿਰਫ਼ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ, ਕਿਸੇ ਦਾ ਕੁਝ ਨਹੀਂ ਵਿਗੜਨਾ, ਫ਼ਰਕ ਤਾਂ ਉਨ੍ਹਾਂ ਲੋਕਾਂ ਨੂੰ ਹੀ ਪੈਣਾ ਹੈ ਕਿ, ਜਿਨ੍ਹਾਂ ਦੇ ਘਰ ਦੇ ਜੀਅ ਤੁਰ ਗਏ, ਸੱਥਰ ਤਾਂ ਉਨ੍ਹਾਂ ਦੇ ਘਰਾਂ ਵਿੱਚ ਹੀ ਵਿਛਣੇ ਹਨ, ਕੀਰਨੇ ਤਾਂ ਉਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਘਰ ਵਾਲੀਆਂ ਨੇ ਪਾਉਣੇ ਹਨ। ਸਿਆਸੀ ਲੋਕਾਂ ਦਾ ਕੀ ਜਾਣਾ ਹੈ, ਉਨ੍ਹਾਂ ਲਈ ਤਾਂ ਇਹ ਮੌਤਾਂ ਸਿਰਫ਼ ਇੱਕ ਮੁੱਦਾ ਹੈ। ਕੋਈ ਵੋਟਾਂ ਤੋੜਨ ਆਵੇਗਾ ਤੇ ਕੋਈ ਬਟੋਰਨ।

ਅਲੋਚਕਾਂ ਦਾ ਮਰਨ ਵਾਲਿਆਂ ਦੇ ਟੱਬਰਾਂ ਨੂੰ ਇੱਕ ਦੋ ਲੱਖ ਮਾਲੀ ਸਹਾਇਤਾ ਦੇਣ ਤੋਂ ਚੰਗਾ ਹੈ, ਸਰਕਾਰਾਂ ਉਨ੍ਹਾਂ ਲੋਕਾਂ ਦਾ ਲੱਕ ਤੋੜਨ ਜਿਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਦਰਜਨਾਂ ਹੀ ਘਰਾਂ ਵਿੱਚ ਮਾਤਮ ਛਾ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ, ਉਹ ਉਨ੍ਹਾਂ ਲੋਕਾਂ ਨੂੰ ਫ਼ਾਹੇ ਲਾਵੇ ਜਿਹੜੇ ਆਪਣੀ ਕਮਾਈ ਲਈ ਲੋਕਾਂ ਨੂੰ ਜ਼ਹਿਰ ਪਿਆ ਰਹੇ ਹਨ। ਅਲੋਚਕਾਂ ਦਾ ਮੰਨਣਾ ਹੈ ਕਿ, ਸਾਡੀਆਂ ਸਰਕਾਰਾਂ ਤਾਂ ਐਵੀਂ ਕੋਰੋਨਾ ਨੂੰ ਰੋਈ ਜਾਂਦੀਆਂ, ਖ਼ਤਰਨਾਕ ਤਾਂ ਘੱਟ ਸ਼ਰਾਬ ਵੀ ਨਹੀਂ ਹੈ, ਜਿਸਨੇ ਅੱਜ ਕੋਰੋਨਾ ਕਾਰਨ ਹੋਈਆਂ ਮੌਤਾਂ ਨੂੰ ਵੀ ਮਾਤ ਪਾ ਕੇ ਰੱਖ ਦਿੱਤੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।