ਮੋਬਾਈਲ ਭੱਤੇ 'ਚ ਕਟੌਤੀ ਅਤੇ ਮੰਗਾਂ ਲਾਗੂ ਨਾ ਹੋਣ ਖ਼ਿਲਾਫ਼ ਬਿਜਲੀ ਕਾਮਿਆਂ ਨੇ ਕੀਤਾ ਪਿੱਟ ਸਿਆਪਾ

Last Updated: Aug 01 2020 18:58
Reading time: 1 min, 26 secs

ਪਿਛਲੇ ਕਾਫੀ ਸਮੇਂ ਤੋਂ ਪਾਵਰਕਾਮ ਮੁਲਾਜ਼ਮਾਂ ਦੀਆਂ ਲਟਕ ਰਹੀਆਂ ਮੰਗਾਂ ਦਾ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਕੋਈ ਨਿਪਟਾਰਾ ਨਾ ਕੀਤੇ ਜਾਣ ਅਤੇ ਕੋਰੋਨਾ ਸੰਕਟ ਦੌਰਾਨ ਮੋਬਾਈਲ ਭੱਤੇ 'ਚ ਕੀਤੀ ਗਈ ਕਟੌਤੀ ਦੇ ਖ਼ਿਲਾਫ਼ ਬਿਜਲੀ ਕਾਮਿਆਂ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਪ੍ਰਦੇਸ਼ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਸਕੱਤਰ ਰਣਜੀਤ ਸਿੰਘ ਅਤੇ ਮੰਡਲ ਪ੍ਰਧਾਨ ਸੁਖਚਰਨਜੀਤ ਸਿੰਘ ਦੀ ਅਗਵਾਈ 'ਚ ਕੀਤੀ ਰੋਸ ਰੈਲੀ ਦੌਰਾਨ ਮੰਗ ਕੀਤੀ ਗਈ ਬਿਜਲੀ ਕਾਮਿਆਂ ਦੀ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਤੇ ਮੋਬਾਈਲ ਭੱਤਾ ਕਟੌਤੀ ਰੱਦ ਕੀਤੀ ਜਾਵੇ।

ਰੋਸ ਪ੍ਰਦਰਸ਼ਨ ਕਰਦੇ ਹੋਏ ਯੂਨੀਅਨ ਦੇ ਸਰਕਲ ਸਕੱਤਰ ਰਣਜੀਤ ਸਿੰਘ ਅਤੇ ਮੰਡਲ ਪ੍ਰਧਾਨ ਸੁਖਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਕਾਫੀ ਸਮੇਂ ਤੋਂ ਬਿਜਲੀ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਦੇ ਹੋਏ ਸੂਬਾ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਕੋਈ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ। ਸੂਬੇ 'ਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਦੌਰਾਨ ਵੀ ਬਿਜਲੀ ਕਾਮੇ ਫਰੰਟ ਲਾਈਨ ਤੇ ਖੜ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਕੋਰੋਨਾ ਪ੍ਰਕੋਪ ਦੌਰਾਨ ਸਰਕਾਰ ਵੱਲੋਂ ਬਿਜਲੀ ਕਾਮਿਆਂ ਨੂੰ ਮਿਲਣ ਵਾਲੇ ਮੋਬਾਈਲ ਭੱਤੇ 'ਚ ਕਟੌਤੀ ਕੀਤੀ ਗਈ ਹੈ, ਜੋ ਕਿ ਨਿੰਦਾਯੋਗ ਕਦਮ ਹੈ।

ਯੂਨੀਅਨ ਆਗੂਆਂ ਨੇ ਅੱਗੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹਨ ਕਿ ਪੇ-ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਡੀ.ਏ ਦੀਆਂ ਕਿਸ਼ਤਾਂ ਰਿਲੀਜ਼ ਕੀਤੀ ਜਾਣ, ਡਿਸਮਿਸ ਕੀਤੇ ਕਾਮਿਆਂ ਨੂੰ ਬਹਾਲ ਕੀਤਾ ਜਾਵੇ, ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਪਾਵਰਕਾਮ ਤੇ ਟਰਾਂਸਕੋ 'ਚ ਸੀ.ਐਚ.ਬੀ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਆਦਿ ਤੋਂ ਇਲਾਵਾ ਹੋਰ ਮੰਗਾਂ ਦਾ ਨਿਪਟਾਰਾ ਕਰਕੇ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਮੈਨੇਜਮੇਂਟ ਵੱਲੋਂ ਯੂਨੀਅਨ ਆਗੂਆਂ ਦੇ ਨਾਲ ਕੀਤੇ ਸਮਝੌਤੇ ਲਾਗੂ ਕੀਤੇ ਜਾਣ। ਇਸ ਮੌਕੇ ਪ੍ਰਿਤਪਾਲ ਸਿੰਘ, ਰਘਵਿੰਦਰ ਸਿੰਘ, ਹਰਬੰਸ ਸਿੰਘ, ਰਾਜਵੀਰ ਸਿੰਘ, ਹਾਕਮ ਸਿੰਘ, ਚਮਕੌਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਗੁਰਜੰਟ ਸਿੰਘ ਆਦਿ ਤੋਂ ਇਲਾਵਾ ਹੋਰ ਮੁਲਾਜ਼ਮ ਮੌਜੂਦ ਸਨ।