ਕੋਰੋਨਾ ਪਾਜ਼ੀਟਿਵ ਗਰਭਵਤੀਆਂ ਦੀ ਡਿਲਿਵਰੀ ਲਈ ਮੁਕਤਸਰ 'ਚ ਖਾਸ ਪ੍ਰਬੰਧ ਸ਼ੁਰੂ

Last Updated: Aug 01 2020 18:53
Reading time: 1 min, 24 secs

ਡਾ. ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਨੇ ਗਰਭਵਤੀ ਔਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਗਰਭਵਤੀ ਔਰਤਾਂ ਨੂੰ ਇਸ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਨ੍ਹਾਂ ਦੇ ਜਣੇਪੇ ਲਈ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਡਾਕਟਰ ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ 2 ਗਰਭਵਤੀ ਔਰਤਾਂ ਪਾਜ਼ੀਟਿਵ ਆਈਆਂ ਹਨ ਜਿਨ੍ਹਾਂ ਦੀ ਡਿਲਿਵਰੀ ਕਿਸੇ ਸਮੇਂ ਵੀ ਹੋ ਸਕਦੀ ਹੈ। ਇਸ ਸਬੰਧ ਵਿੱਚ ਅੱਜ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ. ਰੰਜੂ ਸਿੰਗਲਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵੱਲੋਂ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ  ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਲਈ ਅਲੱਗ ਲੇਬਰ ਰੂਮ ਬਣਾਉਣ ਲਈ ਸਟਾਫ਼ ਨਾਲ ਜ਼ਰੂਰੀ ਮੀਟਿੰਗ ਕੀਤੀ  ਅਤੇ ਸਬੰਧਿਤ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।

ਜਾਣਕਾਰੀ ਦਿੰਦਿਆਂ ਡਾ. ਸਿੰਗਲਾ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਲਈ ਅਲੱਗ ਲੇਬਰ ਰੂਮ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਬਲਾਕ  ਵਿੱਚ ਤਿਆਰ ਕੀਤਾ ਗਿਆ ਅਤੇ ਅਲੱਗ ਤੌਰ ਤੇ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਪਾਜ਼ੀਟਿਵ ਗਰਭਵਤੀ ਔਰਤਾਂ ਨੂੰ ਡਿਲਿਵਰੀ ਕਰਵਾਉਣ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਅੱਗੇ ਦੱਸਿਆ ਕਿ ਪਾਜ਼ੀਟਿਵ ਗਰਭਵਤੀ ਔਰਤਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੈਵਲ-2 ਫੈਸਿਲਟੀ ਵਿਖੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਨਿਗਰਾਨੀ 24 ਘੰਟੇ 7 ਟ੍ਰੇਂਡ ਸਟਾਫ਼ ਵੱਲੋਂ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਔਰਤ ਦਾ ਜਣੇਪਾ ਹੁੰਦਾ ਹੈ ਉਸ ਲਈ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਬਲਾਕ ਵਿਖੇ ਡਿਲਿਵਰੀ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਸਗੋਂ ਇਸ ਮੁਸੀਬਤ ਦਾ ਡੱਟ ਕੇ ਮੁਕਾਬਲਾ ਕਰਨ ਅਤੇ  ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਖਾਸ ਕਰਕੇ ਪਾਜ਼ੀਟਿਵ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ. ਸਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ, ਡਾ. ਦੁਪਿੰਦਰ ਕੁਮਾਰ, ਡਾ. ਪਰਮਜੀਤ ਕੌਰ ਗਾਇਲਾਕਾਲੋਜਿਸਟ ਅਤੇ ਮਨਜੀਤ ਕੌਰ ਸਟਾਫ਼ ਨਰਸ ਵੱਲੋਂ ਭਾਗ ਲਿਆ ਗਿਆ।