ਇਫੈਕਟਿਵ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਕੋਵਿਡ-19 ਸਮਗਰੀ ਦੀ ਸਪਲਾਈ ਚੇਨ ਨੂੰ ਰੱਖੇਗਾ ਬਰਕਰਾਰ- ਸਿਹਤ ਮੰਤਰੀ ਸਿੱਧੂ

Last Updated: Aug 01 2020 17:51
Reading time: 1 min, 55 secs

ਸੂਬੇ ਅੰਦਰ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਮੁਹੱਈਆ ਕਰਵਾਈ ਜਾਣ ਵਾਲੀ ਕੋਵਿਡ-19 ਸਮਗਰੀ ਦੀ ਸਪਲਾਈ ਚੇਨ ਦੀ ਰੀਅਲ ਟਾਈਮ ਟਰੈਕਿੰਗ ਲਈ ਇਫੈਕਟਿਵ ਵੈਕਸੀਨ ਇੰਟੈਲੀਜੈਂਸ ਨੈੱਟਵਰਕ (ਈ.ਵੀ.ਆਈ.ਐਨ.) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਪਲੇਟਫਾਰਮ ਜ਼ਰੂਰੀ ਸਮਗਰੀ ਦੀ ਘਾਟ ਨੂੰ ਦੂਰ ਕਰਨ ਲਈ ਸਪਲਾਈ ਅਤੇ ਮੰਗ ਦੇ ਨਿਯਮ ਨੂੰ ਕਾਇਮ ਰੱਖਣ ਸਬੰਧੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਫੈਕਟਿਵ ਵੈਕਸੀਨ ਇੰਟੈਲੀਜੈਂਸ ਨੈੱਟਵਰਕ ਕੋਵਿਡ ਸਮਗਰੀ ਦੀ ਸਪਲਾਈ ਚੇਨ ਨੂੰ ਬਰਕਰਾਰ ਰੱਖੇਗਾ ਅਤੇ ਕੋਈ ਘਾਟ ਨਹੀਂ ਆਉਣ ਦੇਵੇਗਾ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਆਪਣੀ ਕਿਸਮ ਦੀ ਇਸ ਪਹਿਲੀ ਪਹਿਲਕਦਮੀ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਨੇ ਤਕਨੀਕੀ ਤੌਰ 'ਤੇ ਸਮਰਥਨ ਦਿੱਤਾ ਹੈ। ਇਸ ਡਿਜੀਟਲ ਪਲੇਟਫਾਰਮ ਨੂੰ ਕੋਵਿਡ-19 ਸਮਗਰੀ ਦੀ ਸਪਲਾਈ ਚੇਨ ਦੀ ਰੀਅਲ ਟਾਈਮ ਟਰੈਕਿੰਗ ਲਈ ਸਿਹਤ ਪ੍ਰਣਾਲੀ ਨੂੰ ਮਜ਼ਬੂਤੀ ਦੇਣ ਸਬੰਧੀ ਇਸਤੇਮਾਲ 'ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਨਤਾਕਾਰੀ ਉਪਕਰਣ ਮਹਾਂਮਾਰੀ ਦੇ ਸਮੇਂ 'ਚ ਜ਼ਰੂਰੀ ਸਰਗਰਮੀਆਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਂਦਾ ਹੈ। ਇਹ ਰਿਕਾਰਡਾਂ ਨੂੰ ਕਾਇਮ ਰੱਖਣ ਲਈ ਕਾਰਗਰ ਫੈਸਲਾ ਲੈਣ ਵਾਲਾ ਇੱਕ ਉਪਕਰਣ ਅਤੇ ਆਨਲਾਈਨ ਵੈਬ ਪੋਰਟਲ ਪ੍ਰਦਾਨ ਕਰਦਾ ਹੈ।

ਇਸ ਸਬੰਧੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਇਸ ਸਮੇਂ ਕੋਵਿਡ-19 ਪ੍ਰੋਗਰਾਮ ਨਾਲ ਸਬੰਧਤ 13 ਸਰਗਰਮੀਆਂ ਨੂੰ ਟਰੈਕ ਕੀਤਾ ਜਾ ਰਿਹਾ ਹੈ। ਇਹ ਡੇਟਾ ਸਿਹਤ ਸਹੂਲਤਾਂ ਦੇ ਤਾਜ਼ਾ ਸਟਾਕਾਂ ਤੇ ਖਪਤ ਦੇ ਨਮੂਨੇ ਨੂੰ ਦਰਸਾਉਂਦਾ ਹੈ ਅਤੇ ਇਸਦਾ ਮੁਲਾਂਕਣ ਰਾਜ ਅਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਅਧਿਕਾਰੀਆਂ ਵੱਲੋਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਈਵੀਆਈਐਨ ਐਪਲੀਕੇਸ਼ਨ ਵਿੱਚ ਕੋਵਿਡ ਸਮਗਰੀ ਤੱਕ ਪਹੁੰਚ ਕਰਨ ਲਈ ਵੱਖਰਾ ਡੋਮੇਨ ਬਣਾਇਆ ਗਿਆ ਹੈ ਜਿਸ ਅਧੀਨ ਜ਼ਿਲ੍ਹਿਆਂ ਤੋਂ ਸਬੰਧਤ ਬੇਨਤੀ ਦੇ ਅਧਾਰ ਤੇ ਸਮਗਰੀ ਅਤੇ ਉਪਭੋਗਤਾਵਾਂ ਦੀ ਗਿਣਤੀ ਨੂੰ ਜੋੜਿਆ ਜਾ ਸਕਦਾ ਹੈ।

ਯੂ.ਐਨ.ਡੀ.ਪੀ. ਦੇ ਸੀਨੀਅਰ ਪ੍ਰੋਜੈਕਟ ਅਫਸਰ ਡਾ. ਮਨੀਸ਼ਾ ਮੰਡਲ ਨੇ ਕਿਹਾ ਕਿ ਕੋਵਿਡ-19 ਸਮਗਰੀ ਤੋਂ ਇਲਾਵਾ ਵੈਕਸੀਨ ਦੀ ਸਪਲਾਈ ਅਤੇ ਸਟੋਰੇਜ ਤਾਪਮਾਨ ਦੇ ਹਾਲਤਾਂ ਦੀ ਨਿਗਰਾਨੀ ਵੀ ਈ.ਵੀ.ਆਈ.ਐਨ ਰਾਹੀਂ ਕੀਤੀ ਜਾ ਰਹੀ ਹੈ। ਸੂਬੇ ਵਿੱਚ ਮੈਡੀਕਲ ਸਟੋਰ ਅਤੇ ਇਸਦੇ ਅਧੀਨ ਸਿਹਤ ਸਹੂਲਤਾਂ ਤੋਂ ਵੈਕਸੀਨ ਕੋਲਡ ਚੇਨ ਮੈਨੇਜਰਾਂ ਵੱਲੋਂ ਡੇਟਾ ਇਕੱਤਰ ਕੀਤਾ ਜਾਂਦਾ ਹੈ, ਜਿਸਨੂੰ ਰੋਜ਼ਾਨਾ ਪਲੇਟਫਾਰਮ 'ਤੇ ਅੱਪਡੇਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬੇ ਦੇ ਮੈਡੀਕਲ ਸਟੋਰਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਲਈ ਈਵੀਆਈਐਨ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਇਨਵੈਂਟਰੀ ਡਾਟਾ ਇਕੱਤਰ ਅਤੇ ਅੱਪਲੋਡ ਕੀਤਾ ਜਾਂਦਾ ਹੈ।