ਕਿਹੜੇ ਸਿਆਸੀ ਲੀਡਰ ਦੀ ਛਤਰ-ਛਾਇਆ ਹੇਠ ਚੱਲ ਰਿਹੈ ਰੂੜੀ ਮਾਰਕਾ ਦਾ ਧੰਦਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 17:22
Reading time: 2 mins, 27 secs

ਕੋਰੋਨਾ ਕਹਿਰ ਦੇ ਚੱਲਦਿਆਂ ਬੇਸ਼ੱਕ ਸਰਕਾਰਾਂ ਦੇ ਵੱਲੋਂ ਬਹੁਤ ਜ਼ਿਆਦਾ ਸਖ਼ਤੀ ਕੀਤੀ ਗਈ ਸੀ, ਪਰ ਬਾਵਜੂਦ ਇਸਦੇ ਭਾਰਤ ਦੇ ਅੰਦਰ ਨਸ਼ਾ ਖੁੱਲ੍ਹੇਆਮ ਵਿਕਦਾ ਰਿਹਾ ਅਤੇ ਹੁਣ ਵੀ ਵਿਕ ਰਿਹਾ ਹੈ। ਪੰਜਾਬ ਦੇ ਅੰਦਰ ਨਸ਼ਾ ਤਾਲਾਬੰਦੀ ਅਤੇ ਕਰਫ਼ਿਊ ਦੇ ਦੌਰਾਨ ਹੀ ਏਨਾ ਜ਼ਿਆਦਾ ਵੱਧ ਗਿਆ ਕਿ ਕੋਈ ਕਹਿਣ ਦੀ ਹੱਦ ਨਹੀਂ। ਚਿੱਟੇ ਦੇ ਕਾਰਨ ਪੰਜਾਬ ਦੇ ਅੰਦਰ ਜਿੱਥੇ ਲਗਾਤਾਰ ਮੌਤਾਂ ਹੋ ਰਹੀਆਂ ਹਨ, ਉੱਥੇ ਹੀ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਵਿਖੇ ਕਰੀਬ 50 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਇਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਨੂੰ ਘਟਨਾ ਦੀ ਨਿਆਇਕ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਜਾਂਚ ਵਿੱਚ ਜੁਆਇੰਟ ਕਰ ਤੇ ਆਬਕਾਰੀ ਕਮਿਸ਼ਨਰ ਤੇ ਸਬੰਧਤ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟ ਵੀ ਸ਼ਾਮਲ ਹੋਣਗੇ। ਉਧਰ, ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਲਿਆਂਦਾ ਹੈ ਕਿ ਸਾਰਿਆਂ ਦੀ ਮੌਤ ਕੱਚੀ ਲਾਹਣ ਯਾਨੀ ਦੇਸੀ ਸ਼ਰਾਬ ਪੀਣ ਨਾਲ ਹੋਈ।

ਦੱਸਣਾ ਬਣਦਾ ਹੈ ਕਿ ਜਿਹੜੇ ਇਲਾਕੇ ਦੇ ਵਿੱਚ ਵਿਅਕਤੀ ਦੀ ਸ਼ਰਾਬ ਪੀਣ ਦੇ ਨਾਲ ਮੌਤ ਹੋਈ, ਉਹ ਇਲਾਕੇ ਰੂੜੀ ਮਾਰਕਾ ਸ਼ਰਾਬ ਕੱਢਣ ਦੇ ਕਾਰਨ ਬਦਨਾਮ ਇਲਾਕੇ ਹਨ। ਪੁਲਿਸ ਦਾ ਦਾਅਵਾ ਹੈ ਕਿ ਕਈ ਵਾਰ ਉਨ੍ਹਾਂ ਨੇ ਛੱਪੜਾਂ ਵਿੱਚੋਂ ਵੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਮੁਤਾਬਿਕ ਸ਼ੁਰੂਆਤੀ ਜਾਂਚ ਵਿੱਚ ਤਿੰਨ ਜ਼ਿਲ੍ਹਿਆਂ ਵਿੱਚ ਹੋਈਆਂ ਘਟਨਾਵਾਂ ਵਿੱਚ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਸ਼ਰਾਬ ਵਿੱਚ ਇਸਤੇਮਾਲ ਹੋਣ ਵਾਲਾ ਕੈਮੀਕਲ ਕਿਸੇ ਇੱਕ ਥਾਂ ਤੋਂ ਖ਼ਰੀਦਿਆ ਗਿਆ।

ਦੂਜੇ ਪਾਸੇ, ਭਰੋਸੇਯੋਗ ਸੂਤਰ ਦੱਸਦੇ ਹਨ ਕਿ ਆ ਜਿਹੜੇ ਵਿਅਕਤੀ ਵੀਡੀਓ ਸ਼ੇਅਰ ਕਰ-ਕਰ ਕੇ ਆਖ ਰਹੇ ਸਨ ਕਿ ਸ਼ਰਾਬ ਪੀਣ ਦੇ ਨਾਲ ਕੋਰੋਨਾ ਭੱਜ ਜਾਂਦਾ ਹੈ, ਉਨ੍ਹਾਂ ਦੇ ਕਾਰਨ ਹੀ ਲੋਕਾਂ ਨੇ ਅੰਨ੍ਹੇਵਾਹ ਸ਼ਰਾਬ ਪੀਤੀ ਅਤੇ ਮੌਤ ਨੂੰ ਗਲੇ ਲਗਾ ਗਏ। ਬੇਸ਼ੱਕ ਕੋਰੋਨਾ ਸ਼ਰਾਬ ਪੀਣ ਦੇ ਨਾਲ ਨਾ ਭੱਜਿਆ ਹੋਵੇ, ਪਰ ਲੋਕ ਆਪਣੀ ਜ਼ਿੰਦਗੀ ਤੋਂ ਹੱਥ ਜ਼ਰੂਰ ਧੋ ਬੈਠੇ ਹਨ। ਹਾਲਾਂਕਿ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਕਹਿਰ ਜ਼ਿਆਦਾ ਹੋਣ ਦੇ ਚੱਲਦਿਆਂ ਲੱਗੀ ਤਾਲਾਬੰਦੀ ਅਤੇ ਕਰਫ਼ਿਊ ਕਾਰਨ ਲੋਕ ਘਰਾਂ ਵਿੱਚ ਬੰਦ ਰਹੇ ਅਤੇ ਹੁਣ ਰੱਖੜੀ ਦੇ ਤਿਉਹਾਰ ਤੋਂ ਪਹਿਲੋਂ ਲੋਕਾਂ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਰੂੜੀ ਮਾਰਕਾ ਖ਼ਰੀਦ ਕੇ ਪੀਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਰੀਬ 50 ਜਣੇ ਪ੍ਰਾਣ ਤਿਆਗ ਗਏ।

ਜ਼ਹਿਰੀਲੀ ਸ਼ਰਾਬ ਕਹਿ ਲਓ ਜਾਂ ਫਿਰ ਕੱਚੀ ਰੂੜੀ ਮਾਰਕਾ ਪੀਣ ਦੇ ਨਾਲ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ, ਉਸ 'ਤੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸੱਤਾ ਵਿੱਚ ਬਿਰਾਜਮਾਨ ਕਾਂਗਰਸੀ ਲੀਡਰ ਦੀ ਸ਼ਹਿ 'ਤੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਕਾਂਗਰਸੀ ਲੀਡਰ ਦੇ ਕਈ ਸ਼ਰਾਬ ਤਸਕਰਾਂ ਦੇ ਨਾਲ ਸਬੰਧ ਹਨ, ਜਿਸਦੇ ਕਾਰਨ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਭਾਵੇਂ ਹੀ ਮੁੱਖ ਮੰਤਰੀ ਨੇ ਵੀ ਇਸ ਵਿੱਚ ਹੁਣ ਦਖ਼ਲ ਦਿੱਤਾ ਹੈ, ਪਰ ਕੁਝ ਦਿਨ ਪਹਿਲੋਂ ਹੋਏ ਸ਼ਰਾਬ ਘੁਟਾਲੇ ਦੀਆਂ ਪਰਤਾਂ, ਤਾਂ ਹੁਣ ਤੱਕ ਸਰਕਾਰ ਖੋਲ੍ਹ ਨਹੀਂ ਸਕੀ। ਜਿਸ ਤੋਂ ਬਾਅਦ ਲੱਗਦਾ ਹੈ ਕਿ ਸਿਆਸਤ ਦੀ ਸ਼ਹਿ 'ਤੇ ਹੀ ਰੂੜੀ ਮਾਰਕਾ ਦਾ ਨਜਾਇਜ਼ ਧੰਦਾ ਚੱਲ ਰਿਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।