ਪੰਜਾਬ ਦਾ ਕਿਸਾਨ ਆਪਣੀ ਨਰਮੇ ਦੀ ਫ਼ਸਲ 'ਤੇ ਤਵੀਆਂ ਚਲਾਉਣ ਅਤੇ ਪੁੱਟਣ ਨੂੰ ਹੋਇਆ ਮਜਬੂਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 16:31
Reading time: 3 mins, 30 secs

ਸੂਬਾ ਪੰਜਾਬ ਦੇ ਕਿਸਾਨਾਂ 'ਤੇ ਜਿੱਥੇ ਕੁਦਰਤੀ ਮਾਰ ਪਈ ਹੈ ਉੱਥੇ ਹੀ ਸਰਕਾਰ ਅਤੇ ਅਫ਼ਸਰਾਂ ਦੀ ਅਣਦੇਖੀ ਦੀ ਵੀ ਮਾਰ ਕਿਸਾਨਾਂ 'ਤੇ ਇਸ ਕਦਰ ਪਈ ਕਿ ਅੱਜ ਪੰਜਾਬ ਦਾ ਕਿਸਾਨ ਪੁੱਤਾਂ ਵਾਂਗ ਪਾਲੀ ਗਈ ਨਰਮੇ ਦੀ ਫ਼ਸਲ 'ਤੇ ਤਵੀਆਂ ਚਲਾਉਣ ਅਤੇ ਆਪਣੀ ਹੱਥੀਂ ਹੀ ਪੁੱਟਣ ਲਈ ਮਜਬੂਰ ਹੋ ਗਿਆ ਹੈ। ਅਜਿਹਾ ਕਰਦੇ ਕਿਸਾਨ ਦੇ ਦਿਲ 'ਤੇ ਕੀ ਬੀਤ ਰਹੀ ਹੋਵੇਗੀ ਇਸਦਾ ਅੰਦਾਜ਼ਾ ਲਾਉਣਾ ਸ਼ਾਇਦ ਮੁਸ਼ਕਿਲ ਹੈ। ਆਪਣੇ ਦਿਲ 'ਤੇ ਪੱਥਰ ਧਰ ਕੇ ਅਜਿਹਾ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਕਟੈਹੜਾ ਦੇ ਕਿਸਾਨ ਕਰਨ ਨੂੰ ਮਜਬੂਰ ਹਨ, ਜਿਨ੍ਹਾਂ 'ਤੇ ਪ੍ਰਸ਼ਾਸਨ ਅਤੇ ਮਹਿਕਮਾ ਡ੍ਰੇਨੇਜ ਦੇ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਅਣਦੇਖੀ ਦੀ ਮਾਰ ਪਈ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਜਿਲ੍ਹਾ ਫਾਜ਼ਿਲਕਾ ਦੇ ਪਿੰਡ ਕਟੈਹੜਾ ਦੇ ਇਹ ਕਿਸਾਨ ਆਪਣੇ ਖੇਤਾਂ 'ਚ ਖੜੀ ਨਰਮੇ ਦੀ ਫ਼ਸਲ 'ਤੇ ਟਰੈਕਟਰ ਚਲਾਉਣ ਅਤੇ ਹੱਥੀਂ ਪੁੱਟਣ ਲਈ ਮਜਬੂਰ ਹਨ।

ਕਿਸਾਨਾਂ ਦਾ ਦੋਸ਼ ਹੈ ਕਿ ਬੀਤੇ ਦਿਨੀਂ ਆਈ ਬਰਸਾਤ ਨਾਲ ਉਨ੍ਹਾਂ ਦੇ ਖੇਤਾਂ 'ਚ ਪਾਣੀ ਜ਼ਰੂਰ ਖੜ੍ਹਾ ਹੋ ਗਿਆ ਸੀ ਪਰ ਉਨ੍ਹਾਂ ਦੇ ਖੇਤਾਂ ਦੇ ਨਾਲ ਦੀ ਲੰਘਦੇ ਅਸਪਾਲਾ ਸੇਮ ਨਾਲੇ ਵਿੱਚੋਂ ਓਵਰ ਫਲੋ ਹੋਕੇ ਉਨ੍ਹਾਂ ਦੇ ਖੇਤਾਂ 'ਚ ਤਬਾਹੀ ਮਚਾਉਣ ਲਈ ਪਹੁੰਚੇ ਪਾਣੀ ਨੇ ਉਨ੍ਹਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੇਮ ਨਾਲੇ ਦੀ ਸਫ਼ਾਈ ਸਿਰਫ਼ ਦਿਖਾਵੇ ਵਾਲੀ ਹੋਈ ਹੈ ਅਤੇ ਇਸਦਾ ਸਬੂਤ ਅੱਜ ਵੀ ਸੇਮ ਨਾਲੇ 'ਚ ਉੱਗੇ ਸਰਕੰਡੇ, ਝਾੜੀਆਂ ਨੂੰ ਵੇਖਿਆ ਜਾ ਸਕਦਾ ਹੈ। ਸੇਮ ਨਾਲੇ ਦੀ ਸਫ਼ਾਈ ਚੰਗੇ ਤਰੀਕੇ ਨਾਲ ਨਾ ਹੋਣ ਕਰਕੇ ਹੀ ਪਾਣੀ ਓਵਰ ਫਲੋ ਹੋ ਗਿਆ ਅਤੇ ਉਨ੍ਹਾਂ ਦੇ ਖੇਤਾਂ 'ਚ ਵੜ ਗਿਆ, ਪਾਣੀ ਨੂੰ ਖੇਤਾਂ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਪਾਣੀ ਨੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਬਰਬਾਦ ਕਰ ਦਿੱਤਾ ਹੈ। ਕਈ ਖੇਤਾਂ 'ਚ ਅੱਜ ਵੀ ਪਾਣੀ ਖੜ੍ਹਾ ਹੈ। ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਕਰੀਬ 250 ਤੋਂ 300 ਏਕੜ ਰਕਬੇ 'ਚ ਖੜੀ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

ਖੇਤ ਵਿੱਚ ਟਰੈਕਟਰ ਰਾਹੀਂ ਨਰਮੇ ਦੀ ਫ਼ਸਲ ਨੂੰ ਵਾਹ ਰਹੇ ਕਿਸਾਨ ਨਰੇਂਦਰ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਨ ਲਈ ਪੈਸੇ ਵਿਆਜ 'ਤੇ ਚੁੱਕ ਕੇ ਪੰਜ ਏਕੜ ਜ਼ਮੀਨ ਠੇਕੇ 'ਤੇ ਲਈ ਅਤੇ ਨਰਮੇ ਦੀ ਫ਼ਸਲ ਦੀ ਬਿਜਾਈ ਕੀਤੀ। ਨਰਮੇ ਦੀ ਫ਼ਸਲ ਚੰਗੀ ਖੜੀ ਸੀ ਪਰ ਬੀਤੇ ਦਿਨੀਂ ਹੋਈ ਬਰਸਾਤ ਤੋਂ ਬਾਅਦ ਸੇਮ ਨਾਲੇ ਦੇ ਓਵਰ ਫਲੋ ਹੋਏ ਪਾਣੀ ਨੇ ਉਨ੍ਹਾਂ ਦੇ ਸੁਫ਼ਨਿਆਂ ਅਤੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਪਾਣੀ ਖੜੇ ਰਹਿਣ ਕਰਕੇ ਹੁਣ ਫ਼ਸਲ ਬਰਬਾਦ ਹੋ ਚੁੱਕੀ ਹੈ ਇਸ ਲਈ ਉਹ ਫ਼ਸਲ 'ਤੇ ਟਰੈਕਟਰ ਚਲਾ ਰਿਹਾ ਹੈ। ਪਿੰਡ ਦੇ ਹੀ ਵਾਸੀ ਅਤੇ ਨੌਜਵਾਨ ਕਿਸਾਨ ਭਰਤ ਕੁਮਾਰ ਨੇ ਦੱਸਿਆ ਕਿ ਅਸਪਾਲਾ ਡਰੇਨ ਦੇ ਓਵਰ ਫਲੋ ਹੋਣ ਤੋਂ ਬਾਅਦ ਪਾਣੀ ਨੇ ਉਨ੍ਹਾਂ ਦੇ ਖੇਤਾਂ ਵੱਲ ਨੂੰ ਰੁਖ ਕੀਤਾ ਅਤੇ ਕਰੀਬ ਦਸ ਦਿਨ ਤੱਕ ਪਾਣੀ ਖੜ੍ਹਾ ਰਿਹਾ, ਪਰ ਸਬੰਧਿਤ ਮਹਿਕਮੇ ਤੱਕ ਸੂਚਨਾ ਦੇਣ ਦੇ ਬਾਵਜੂਦ ਉਨ੍ਹਾਂ ਨੇ ਕੋਈ ਗ਼ੌਰ ਨਹੀਂ ਕੀਤੀ ਅਤੇ ਫ਼ਸਲ ਬਰਬਾਦ ਹੋ ਗਈ ਹੈ। ਹਾਲਾਤ ਕਿਸਾਨ ਦੇ ਅਜਿਹੇ ਹਨ ਕਿ ਸਿਰਫ਼ ਖ਼ੁਦਕੁਸ਼ੀ ਹੀ ਇੱਕ ਰਸਤਾ ਨਜ਼ਰ ਆਉਂਦਾ ਹੈ। 8 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਉਸ ਵਿੱਚ ਨਰਮੇ ਦੀ ਬਿਜਾਈ ਕਰ ਚੁੱਕੇ ਕਿਸਾਨ ਜਸ ਰਾਮ ਨੇ ਕਿਹਾ ਕਿ ਨਰਮਾ ਸਾਰਾ ਬਰਬਾਦ ਹੋ ਗਿਆ ਹੈ ਹੁਣ ਸਾਨੂੰ ਖ਼ੁਦ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕਰੀਏ। ਪੈਸੇ ਵਿਆਜ 'ਤੇ ਚੁੱਕ ਕੇ ਜ਼ਮੀਨ ਠੇਕੇ 'ਤੇ ਲਈ ਅਤੇ ਬਿਜਾਈ ਕੀਤੀ ਪਰ ਹੁਣ ਸਭ ਤਬਾਹ ਹੋ ਗਿਆ ਹੈ। ਹੁਣ ਤਾਂ ਸਿਰਫ਼ ਰੋਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ।

ਇਸ ਬਾਰੇ ਖੇਤੀਬਾੜੀ ਮਹਿਕਮੇ ਦੇ ਏ.ਡੀ.ਓ ਰਾਜਿੰਦਰ ਕੁਮਾਰ ਵੀ ਮੰਨਦੇ ਹਨ ਕਿ ਇਲਾਕੇ 'ਚ ਨਰਮੇ ਦੀ ਫ਼ਸਲ ਬਰਬਾਦੀ 'ਚ ਵੱਡਾ ਹੱਥ ਸੇਮ ਨਾਲਿਆਂ ਦਾ ਹੈ ਜਿਸ ਵਿੱਚੋਂ ਪਾਣੀ ਓਵਰ ਫਲੋ ਹੋਕੇ ਖੇਤਾਂ 'ਚ ਵੜ ਗਿਆ। ਉਨ੍ਹਾਂ ਕਿਹਾ ਕਿ ਨੁਕਸਾਨ ਉਨ੍ਹਾਂ ਪਿੰਡਾਂ ਦੇ ਇਲਾਕਿਆਂ 'ਚ ਹੋਇਆ ਹੈ ਜਿੱਥੇ ਸੇਮ ਨਾਲਾ ਨਾਲ ਦੀ ਲੰਘਦਾ ਹੈ ਜਾਂ ਫਿਰ ਇਲਾਕਾ ਸੇਮ ਦਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਜ਼ਿਆਦਾ ਪਾਣੀ ਨੂੰ ਸਹਿਣ ਨਹੀਂ ਕਰ ਸਕਦੀ ਅਤੇ ਫ਼ਸਲ ਜਿੱਥੇ ਖ਼ਰਾਬ ਹੋਈ ਹੈ ਉੱਥੇ ਪਾਣੀ ਜ਼ਿਆਦਾ ਦੇਰ ਖੜ੍ਹਾ ਰਿਹਾ ਅਤੇ ਸੇਮ ਦੀ ਮਾਰ ਵੀ ਰਹੀ ਹੈ। ਉਨ੍ਹਾਂ ਅਨੁਸਾਰ ਨੁਕਸਾਨ ਦਾ ਫ਼ਿਲਹਾਲ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿਉਂਕਿ ਪਾਣੀ ਦੀ ਮਾਰ ਹੁਣੇ ਪਈ ਹੈ ਇਸ ਲਈ ਕੁਝ ਦਿਨਾਂ ਤੋਂ ਬਾਅਦ ਹੀ ਇਸਦਾ ਅਨੁਮਾਨ ਲਾਇਆ ਜਾ ਸਕੇਗਾ।

ਹੁਣ ਕਿਸਾਨਾਂ ਦੇ ਸੁਫ਼ਨੇ ਅਤੇ ਅਰਮਾਨ ਤਬਾਹ ਹੋਈਆਂ ਆਪਣੀ ਫ਼ਸਲਾਂ ਨੂੰ ਵੇਖੇ ਕੇ ਚਕਨਾਚੂਰ ਹੋ ਗਏ ਹਨ ਉੱਥੇ ਹੀ ਪ੍ਰਸ਼ਾਸਨ ਅਤੇ ਸਰਕਾਰ ਵੀ ਆਪਣਾ ਗਲਾ ਕਿਸਾਨਾਂ ਦੇ ਰੋਸ ਤੋਂ ਬਚਾਉਣ ਲਈ ਕੀ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਪਰ ਫ਼ਿਲਹਾਲ ਤਾਂ ਕਿਸਾਨਾਂ ਦੇ ਪੱਲੇ ਸਿਰਫ਼ ਹੰਝੂ ਵਹਾਉਣ ਦੇ ਕੋਈ ਚਾਰਾ ਨਜ਼ਰ ਨਹੀਂ ਆਉਂਦਾ।