ਸੀਵਰੇਜ ਪ੍ਰੋਜੈਕਟ ਤਹਿਤ ਸਰਹਿੰਦ ਸ਼ਹਿਰ 'ਚ ਬਣਾਏ ਜਾਣਗੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਦੋ ਪੰਪਿੰਗ ਸਟੇਸ਼ਨ

Last Updated: Aug 01 2020 14:45
Reading time: 1 min, 31 secs

ਸੀਵਰੇਜ ਦੇ ਗੰਦੇ ਪਾਣੀ ਦੀ ਉਚਿਤ ਨਿਕਾਸੀ ਲਈ ਅਤੇ ਸਰਹਿੰਦ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਪੰਜਾਬ ਸਰਕਾਰ ਵੱਲੋਂ ਕਰੀਬ 98 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਵਿਛਾਉਣ ਦੇ ਪ੍ਰੋਜੈਕਟ ਸਬੰਧੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸੀਵਰੇਜ ਪ੍ਰੋਜੈਕਟ ਸਬੰਧੀ ਸਰਹਿੰਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸੀਵਰੇਜ ਲਾਈਨਾਂ ਵਿਛਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਕਿ ਲੋਕਾਂ ਨੂੰ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਸੀਵਰੇਜ ਲਾਈਨਾਂ ਵਿਛਾਉਣ ਦੇ ਨਾਲ ਹੀ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਦੋ ਪੰਪਿੰਗ ਸਟੇਸ਼ਨ ਵੀ ਬਣਾਏ ਜਾ ਰਹੇ ਹਨ।

ਸੀਵਰੇਜ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਫਤਹਿਗੜ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਰਹਿੰਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਰੀਬ 98 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੇ ਤਹਿਤ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤਾਂ ਕਿ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸੀਵਰੇਜ ਪਾਈਪ ਲਾਈਨ ਪੈਣ ਨਾਲ ਨਾ ਕੇਵਲ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋਵੇਗੀ ਬਲਕਿ ਨਿਕਾਸੀ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦੇ ਬਣੇ ਰਹਿਣ ਵਾਲੇ ਖ਼ਦਸ਼ੇ ਤੋਂ ਵੀ ਛੁਟਕਾਰਾ ਮਿਲੇਗਾ।

ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਆਉਂਦੇ ਸਮੇਂ 'ਚ ਪੰਜਾਬ ਵਿਕਸਤ ਤੇ ਖ਼ੁਸ਼ਹਾਲ ਸੂਬਾ ਬਣੇਗਾ। ਸਰਹਿੰਦ ਸ਼ਹਿਰ 'ਚ ਤੇਜ਼ੀ ਨਾਲ ਚੱਲ ਰਿਹਾ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਜਲਦੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 2 ਮੁੱਖ ਪੰਪਿੰਗ ਸਟੇਸ਼ਨ ਅਤੇ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਬਣਾਏ ਜਾਣਗੇ ਅਤੇ ਸ਼ਹਿਰ ਦੇ ਕਰੀਬ 12 ਹਜ਼ਾਰ ਘਰਾਂ ਨੂੰ ਸੀਵਰੇਜ ਕੁਨੈਕਸ਼ਨ ਮੁਹੱਈਆ ਕਰਵਾਇਆ ਜਾਵੇਗਾ। ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਗਲੀਆਂ 'ਚ ਇੰਟਰ ਲਾਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।