ਐਸਐਸਪੀ ਦਾ ਚੰਗਾ ਉਪਰਾਲਾ, ਸੋਸ਼ਲ ਮੀਡੀਆ ਤੇ ਹੋਏ ਲਾਈਵ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Aug 01 2020 14:46
Reading time: 1 min, 17 secs

ਕੋਵਿਡ-19 ਦੇ ਚਲਦੇ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਅਫਸਰਾਂ ਤੱਕ ਨਹੀਂ ਪਹੁੰਚ ਪਾ ਰਹੇ ਅਤੇ ਦੂਜੇ ਪਾਸੇ ਦਫਤਰਾਂ ਵਿੱਚ ਵੀ ਸਮਾਜਿਕ ਦੂਰੀ ਸਮੇਤ ਕੋਰੋਨਾ ਤੋਂ ਬਚਾਓ ਦੇ ਨਿਯਮਾਂ, ਹਦਾਇਤਾਂ ਦਾ ਪਾਲਨ ਕਰਨ ਕਰਕੇ ਲੋਕਾਂ ਨਾਲ ਰਾਫਤਾ ਕਾਇਮ ਕਰਨ 'ਚ ਅਫਸਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ, ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਰੂਬਰੂ ਹੋ ਰਹੇ ਹਨ ਅਜਿਹੇ 'ਚ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਵੀ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ, ਜ਼ਰੂਰੀ ਹਦਾਇਤਾਂ ਦੀ ਜਾਣਕਾਰੀ ਦੇਣ ਲਈ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਜ਼ਿਲ੍ਹਾ ਪੁਲਿਸ ਦੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਰੂਬਰੂ ਹੋ ਰਹੇ ਹਨ, ਜੋ ਸ਼ਲਾਘਾਯੋਗ ਕਦਮ ਹੈ।

ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਹਰਜੀਤ ਸਿੰਘ ਅੱਜ ਮੁੜ ਲਾਈਵ ਹੋ ਕੇ ਲੋਕਾਂ ਨਾਲ ਜੁੜੇ ਅਤੇ ਜਿੱਥੇ ਕੋਵਿਡ-19 ਸਬੰਧੀ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਪਿੰਡਾਂ, ਸ਼ਹਿਰਾਂ, ਸਮਾਜਸੇਵੀ ਸੰਸਥਾਵਾਂ ਨਾਲ ਸਬੰਧਤ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਆਮ ਲੋਕਾਂ ਵੱਲੋਂ ਪੰਜਾਬ, ਜ਼ਿਲ੍ਹੇ ਤੋਂ ਬਾਹਰ ਜਾਣ ਸਬੰਧੀ ਕਿਸੇ ਤਰ੍ਹਾਂ ਦੀ ਪਾਬੰਦੀ, ਰੋਕ ਨੂੰ ਲੈ ਕੇ ਸਵਾਲ ਕੀਤੇ ਗਏ ਉੱਥੇ ਹੀ ਕਈਆਂ ਨੇ ਕੁਝ ਪੁਲਿਸ ਅਫਸਰਾਂ ਵੱਲੋਂ ਥਾਣਿਆਂ 'ਚ ਉਨ੍ਹਾਂ ਦੀ ਸੁਣਵਾਈ ਨਾ ਹੋਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਾ ਕਰਨ ਦੀ ਸ਼ਿਕਾਇਤ ਵੀ ਐਸਐਸਪੀ ਨੂੰ ਕੀਤੀ ਜਿਸ ਤੇ ਉਨ੍ਹਾਂ ਨੇ ਉਸੇ ਸਮੇਂ ਉਨ੍ਹਾਂ ਦੀ ਸ਼ਿਕਾਇਤ ਸਬੰਧੀ ਵਧੇਰੀ ਜਾਣਕਾਰੀ ਲੈਣ ਲਈ ਉਨ੍ਹਾਂ ਦਾ ਨਾਮ, ਫੋਨ ਨੰਬਰ ਆਪਣੀ ਡਾਇਰੀ 'ਚ ਨੋਟ ਕਰਕੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਉਹ ਸੰਪਰਕ ਕਰਨਗੇ। ਐਸਐਸਪੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਜ਼ਿਲ੍ਹੇ ਦੇ ਲੋਕਾਂ ਨਾਲ ਜੁੜਨਾ ਇੱਕ ਚੰਗਾ ਉਪਰਾਲਾ ਹੈ ਅਤੇ ਇਸਦੇ ਸਿੱਟੇ ਵੀ ਚੰਗੇ ਨਿਕਲਣ ਦੀ ਉਮੀਦ ਹੈ।