ਜਲਿਆਂਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

Last Updated: Aug 01 2020 14:39
Reading time: 2 mins, 3 secs

ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ 'ਚ ਅੰਗਰੇਜ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਕੇ ਕਤਲ ਕੀਤੇ ਗਏ ਹਜ਼ਾਰਾਂ ਦੀ ਗਿਣਤੀ 'ਚ ਨਿਹੱਥੇ ਆਮ ਲੋਕਾਂ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਅਮਰ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਸ਼ਹੀਦੀ ਦਿਵਸ ਦੇ ਸਬੰਧ 'ਚ ਫਤਹਿਗੜ ਸਾਹਿਬ ਸਥਿਤ ਸ਼ਹੀਦੀ ਸਮਾਰਕ ਤੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ਼ਹੀਦੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਸਐਸਪੀ ਸ਼੍ਰੀਮਤੀ ਅਮਨੀਤ ਕੌਂਡਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਸ਼ਹੀਦੀ ਦਿਵਸ ਮੌਕੇ ਬੂਟੇ ਲਗਾਉਣ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਮਾਸਕ ਵੀ ਵੰਡੇ ਗਏ।

ਸ਼ਹੀਦੀ ਸਮਾਰੋਹ ਨੂੰ ਸੰਬੋਧਨ ਕਰਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਅਮਰ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਜੀਵਨ ਅਤੇ ਸ਼ਹਾਦਤ ਤੋਂ ਮੌਜੂਦਾ ਨੌਜਵਾਨ ਪੀੜੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਸ਼ਹੀਦ ਦੇ ਜੀਵਨ ਤੋਂ ਅਜੋਕਾ ਨੌਜਵਾਨ ਵਰਗ ਸਿੱਖਿਆ ਲੈ ਸਕਦਾ ਹੈ ਕਿ ਕਿਸ ਤਰ੍ਹਾਂ ਆਪਣੇ ਮਕਸਦ ਦੀ ਪ੍ਰਾਪਤੀ ਲਈ ਇਕਾਗਰ ਮਨ ਨਾਲ ਲਗਾਤਾਰ ਮਿਹਨਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਦੇ ਬਾਰੇ ਅੰਗਰੇਜ਼ਾਂ ਵੱਲੋਂ ਜੋ ਆਂਕੜੇ ਜਾਰੀ ਕੀਤੇ ਗਏ ਸਨ, ਅਸਲ ਵਿੱਚ ਕਿਤੇ ਵੱਡੀ ਗਿਣਤੀ 'ਚ ਲੋਕ ਜ਼ਿਲ੍ਹਿਆਂ ਵਾਲੇ ਬਾਗ 'ਚ ਸ਼ਹੀਦ ਹੋਏ ਸਨ। ਅਜਿਹੇ ਵਿੱਚ ਸ਼ਹੀਦ ਊਧਮ ਸਿੰਘ ਨੇ ਹਜ਼ਾਰਾਂ ਭਾਰਤੀਆਂ ਤੇ ਹੋਏ ਜ਼ੁਲਮ ਦਾ ਬਦਲਾ ਲਿਆ ਸੀ।

ਇਸ ਦੌਰਾਨ ਸ਼ਹੀਦੀ ਦਿਵਸ ਮੌਕੇ ਬੂਟੇ ਲਗਾਉਣ ਦੇ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ 3250 ਮਾਸਕ ਲੋਕਾਂ 'ਚ ਵੰਡਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਮਾਸਕ ਪਹਿਨੇ ਘਰਾਂ ਤੋਂ ਨਾ ਨਿਕਲਿਆ ਜਾਵੇ, ਉਚਿਤ ਸਮਾਜਿਕ ਵਿੱਥ ਦੇ ਨਾਲ ਜੇਕਰ ਮਾਸਕ ਦਾ ਇਸਤੇਮਾਲ ਕੀਤਾ ਜਾਵੇ ਤਾਂ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਫਤਹਿਗੜ ਸਾਹਿਬ 'ਚ ਤੀਹ ਹਜ਼ਾਰ ਮਾਸਕ ਵੰਡੇ ਜਾਣੇ ਹਨ। ਜਿਸਦੇ ਨਾਲ ਹਰ ਜ਼ਰੂਰਤਮੰਦ ਕੋਲ ਮਾਸਕ ਹੋਵੇਗਾ ਅਤੇ ਮਹਾਂਮਾਰੀ ਤੋਂ ਬਚਾਇਆ ਜਾ ਸਕੇਗਾ। ਵਿਧਾਇਕ ਨਾਗਰਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਨਾਕੇ ਤੇ ਮਾਸਕ ਰੱਖੇ ਜਾਣ, ਜਿਸਦੇ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਜੁਰਮਾਨਾ ਕਰਨ ਤੋਂ ਇਲਾਵਾ ਮਾਸਕ ਵੀ ਉਪਲਬਧ ਕਰਵਾਏ ਜਾਣ।

ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਐਸ.ਐਸ.ਪੀ. ਸ਼੍ਰੀਮਤੀ ਅਮਨੀਤ ਕੌਂਡਲ, ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਡਾ. ਸੰਜੀਵ ਕੁਮਾਰ, ਤਹਿਸੀਲਦਾਰ ਗੁਰਜਿੰਦਰ ਸਿੰਘ, ਐਸ.ਪੀ (ਐਚ) ਨਵਨੀਤ ਸਿੰਘ ਵਿਰਕ, ਡੀ.ਐਸ.ਪੀ ਫਤਹਿਗੜ ਸਾਹਿਬ ਮਨਜੀਤ ਸਿੰਘ, ਇੰਸਪੈਕਟਰ ਜੀ.ਐਸ ਸਿਕੰਦ, ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ, ਐਕਸੀਅਨ ਪੰਚਾਇਤੀ ਰਾਜ ਜਸਬੀਰ ਸਿੰਘ ਤੋਂ ਇਲਾਵਾ ਰੋਜਾ ਸ਼ਰੀਫ਼ ਦੇ ਖਲੀਫਾ ਜਨਾਬ ਸਇਅਦ ਸਾਦਿਕ ਰਜਾ, ਜ਼ਿਲ੍ਹਾ ਕਾਂਗਰਸ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਜਨਾਬ ਸੈਫ ਅਹਿਮਦ ਵੀ ਮੌਜੂਦ ਸਨ।