ਅਨਲਾਕ 3.0: ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ !!!

Last Updated: Aug 01 2020 14:18
Reading time: 2 mins, 24 secs

ਜ਼ਿਲ੍ਹਾ ਮੈਜਿਸਟ੍ਰੇਟ ਸ. ਅਰਵਿੰਦਪਾਲ ਸਿੰਘ ਸੰਧੂ ਆਈ.ਏ.ਐਸ. ਨੇ ਧਾਰਾ 144 ਤਹਿਤ ਅਨਲਾਕ 3.0 ਸਬੰਧੀ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹੁਕਮਾਂ ਅਨੁਸਾਰ 31 ਅਗਸਤ 2020 ਤੱਕ ਸਕੂਲ ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ। ਇਸੇ ਤਰ੍ਹਾਂ ਸਿਨਮਾ ਹਾਲ, ਸਵਿਮਿੰਗ ਪੂਲ, ਇੰਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਐਸੰਬਲੀ ਹਾਲ ਆਦਿ ਬੰਦ ਰਹਿਣਗੇ। ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਵਿੱਦਿਅਕ, ਸਭਿਆਚਾਰਕ, ਧਾਰਮਿਕ ਸਮਾਗਮਾਂ ਤੇ ਇਕੱਠ ਕਰਨ ਤੇ ਵੀ ਰੋਕ ਰਹੇਗੀ। ਜਦ ਕਿ ਯੋਗਾ ਸਿਖਲਾਈ ਸੰਸਥਾਨ ਅਤੇ ਜਿੰਮ 5 ਅਗਸਤ ਤੋਂ ਖੁੱਲ੍ਹ ਸਕਣਗੇ ਪਰ ਉਨ੍ਹਾਂ ਨੂੰ ਨਿਰਧਾਰਿਤ ਮਾਪਦੰਡਾਂ ਦਾ ਪਾਲਣ ਕਰਨਾ ਯਕੀਨੀ ਹੋਵੇਗਾ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ, ਜਿਸ ਦਾ ਨਿਰਧਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ, ਵਿੱਚ ਲਾਕਡਾਊਨ ਪਾਬੰਦੀਆਂ ਜਾਰੀ ਰਹਿਣਗੀਆਂ। ਜਦ ਕਿ ਜ਼ਿਲ੍ਹੇ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਇਸ ਤੋਂ ਬਿਨਾਂ 65 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ, ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਬਹੁਤ ਜ਼ਰੂਰੀ ਹੋਣ ਤੇ ਹੀ ਘਰੋਂ ਨਿਕਲਣ।

ਜ਼ਿਲ੍ਹਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਆਈ.ਏ.ਐਸ. ਨੇ ਕਿਹਾ ਕਿ ਵਿਆਹ ਸਮਾਗਮ ਮੌਕੇ 30 ਤੋਂ ਵੱਧ ਅਤੇ ਅੰਤਿਮ ਸੰਸਕਾਰ/ਅੰਤਿਮ ਰਸਮਾਂ ਮੌਕੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ। ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਮੌਕੇ ਵੀ 30 ਵਿਅਕਤੀਆਂ ਦਾ ਨਿਯਮ ਲਾਗੂ ਹੋਵੇਗਾ ਅਤੇ ਬੈਂਕਟ ਹਾਲ ਅਤੇ ਥਾਂ ਦਾ ਸਾਈਜ਼ 3000 ਵਰਗ ਫੁੱਟ ਤੋਂ ਜ਼ਿਆਦਾ ਹੋਵੇ। ਜਨਤਕ ਥਾਵਾਂ ਤੇ ਥੁੱਕਣ ਤੇ ਮਨਾਹੀ ਹੋਵੇਗੀ ਅਤੇ ਉਲੰਘਣਾ ਕਰਨ ਤੇ ਜੁਰਮਾਨਾ ਲੱਗੇਗਾ। ਜਨਤਕ ਥਾਵਾਂ ਤੇ ਸ਼ਰਾਬ, ਪਾਨ, ਤੰਬਾਕੂ ਆਦਿ ਦਾ ਨਸ਼ਾ ਕਰਨ ਦੀ ਮਨਾਹੀ ਹੈ। ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਉੱਥੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਹਨ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਹੋਵੇ।

ਰੈਸਟੋਰੈਂਟ ਰਾਤ 10 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਸਮਰੱਥਾ ਦੇ 50 ਫ਼ੀਸਦੀ ਜਾਂ 50 ਤੋਂ ਘੱਟ ਗ੍ਰਾਹਕ, ਜੋ ਵੀ ਘੱਟ ਹੋਵੇ, ਨੂੰ ਸਰਵ ਕਰਨ ਦੀ ਹੀ ਪ੍ਰਵਾਨਗੀ ਹੋਵੇਗੀ। ਹੋਟਲਾਂ ਵਿੱਚ ਬਣੇ ਰੈਸਟੋਰੈਂਟਾਂ ਤੇ ਵੀ ਗਿਣਤੀ ਅਤੇ ਸਮੇਂ ਦਾ ਇਹੀ ਨਿਯਮ ਲਾਗੂ ਹੋਵੇਗਾ। ਦੁਕਾਨਾਂ ਸਵੇਰੇ 7 ਤੋਂ 8 ਵਜੇ ਤੱਕ ਖੁੱਲ੍ਹ ਸਕਣਗੀਆਂ। ਸ਼ਾਪਿੰਗ ਮਾਲ ਵਿੱਚ ਬਣੇ ਰੈਸਟੋਰੈਂਟ 10 ਵਜੇ ਰਾਤ ਤੱਕ ਖੁੱਲ੍ਹ ਸਕਦੇ ਹਨ। ਸ਼ਰਾਬ ਦੇ ਠੇਕੇ ਸਵੇਰੇ 8 ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਦੇ ਹਨ। ਬਾਰਬਰ ਸ਼ਾਪ, ਹੇਅਰ ਕੱਟ ਸਲੂਨ, ਬਿਊਟੀ ਪਾਰਲਰ ਅਤੇ ਸਪਾਅ ਨਿਯਮਾਂ ਦਾ ਪਾਲਣ ਕਰਦੇ ਹੋਏ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਦੇ ਹਨ।

ਐਤਵਾਰ ਨੂੰ ਜ਼ਰੂਰੀ ਵਸਤਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਪਰ 2 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਦੁਕਾਨਾਂ ਅਤੇ ਸ਼ਾਪਿੰਗ ਮਾਲ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਇੰਡਸਟਰੀ ਅਤੇ ਟਰਾਂਸਪੋਰਟ ਤੇ ਕੋਈ ਰੋਕ ਨਹੀਂ ਹੈ। ਅੰਤਰਰਾਜੀ ਆਵਾਜਾਈ ਲਈ ਕੋਵਾ ਐਪ ਤੋਂ ਪਾਸ ਬਣਵਾਉਣਾ ਜ਼ਰੂਰੀ ਹੈ ਹੋਰ ਕਿਸੇ ਆਵਾਜਾਈ ਲਈ ਪਾਸ ਦੀ ਜ਼ਰੂਰਤ ਨਹੀਂ ਹੈ। ਮਾਸਕ ਪਾਉਣਾ, ਸਮਾਜਿਕ ਦੂਰੀ ਦਾ ਪਾਲਣ ਕਰਨਾ ਵੀ ਹੁਕਮਾਂ ਵਿੱਚ ਲਾਜ਼ਮੀ ਕੀਤਾ ਗਿਆ ਹੈ ਅਤੇ ਉਲੰਘਣਾ ਕਰਨ ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤਾਂ 31 ਅਗਸਤ 2020 ਤੱਕ ਜਾਰੀ ਰਹਿਣਗੀਆਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।