ਅਕਾਲੀਆਂ-ਕਾਂਗਰਸੀਆਂ, ਪਾ ਲਿਆ ਇੱਕ-ਦੂਜੇ ਦੇ ਪੋਤੜਿਆਂ ਨੂੰ ਹੱਥ !!! (ਵਿਅੰਗ)

Last Updated: Aug 01 2020 12:52
Reading time: 2 mins, 12 secs

ਚੇਤੇ ਨਹੀਂ, ਕੌਣ ਗੱਲਾਂ ਕਰ ਰਿਹਾ ਸੀ ਕਿ, ਜਦੋਂ ਕਦੇ ਵੀ ਸਮੇਂ ਦੀਆਂ ਸਰਕਾਰਾਂ ਵੱਡੇ-ਵੱਡੇ ਲੋਕ ਹਿੱਤੀ ਮਾਮਲਿਆਂ ਵਿੱਚ ਉਲਝ ਜਾਂਦੀਆਂ ਹਨ ਤਾਂ ਉਹ ਅਵਾਮ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਦੇ ਪੁੜੇ ਤੇ ਇਹੋ ਜਿਹਾ ਟੀਕਾ ਗੱਡਦੀਆਂ ਹਨ ਕਿ, ਲੋਕਾਂ ਦਾ ਧਿਆਨ ਆਪ ਮੁਹਾਰੇ ਹੀ ਉਨ੍ਹਾਂ ਮੁੱਦਿਆਂ ਮਸਲਿਆਂ ਤੋਂ ਭਟਕ ਕੇ ਆਪਣੇ ਟੀਕਾ ਲੱਗੇ ਪੁੜੇ ਵੱਲ ਚਲਾ ਜਾਂਦਾ ਹੈ।

ਦੋਸਤੋ, ਚਲੋ ਛੱਡੋ, ਮਿੱਟੀ ਪਾਓ ਉਨ੍ਹਾਂ ਗੱਲਾਂ ਤੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਕਿ, ਕੌਣ ਕਰਕੇ ਲੰਘ ਗਿਆ, ਆਪਾਂ ਸਿੱਧਾ ਮੁੱਦੇ ਵਾਲੀ ਗੱਲ ਤੇ ਆਉਂਦੇ ਹਾਂ। ਖ਼ਬਰਾਂ ਆ ਰਹੀਆਂ ਹਨ ਕਿ, ਯੂ.ਏ.ਪੀ.ਏ. ਯਾਨੀ ਕਿ ਗੈਰ ਕਨੂੰਨੀ ਸਰਗਰਮੀਆਂ ਰੋਕੂ ਐਕਟ ਨੂੰ ਲੈ ਕੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਸਿੱਧਾ, ਇੱਕ-ਦੂਜੇ ਦੇ ਪੋਤੜਿਆਂ ਨੂੰ ਹੱਥ ਪਾ ਲਿਆ ਹੈ। ਉਕਤ ਮਾਮਲੇ ਤੇ ਅਕਾਲੀ, ਕਾਂਗਰਸੀਆਂ ਨੂੰ ਭੰਡਣ ਲੱਗ ਪਏ ਹਨ ਤੇ ਕਾਂਗਰਸੀ, ਅਕਾਲੀਆਂ ਨੂੰ।

ਦੋਸਤੋ, ਇੱਕ ਤਾਂ ਅਲੋਚਕ ਤੇ ਵਿਅੰਗਕਾਰ ਨਹੀਂ ਟਿਕਣ ਦਿੰਦੇ, ਜਦੋਂ ਵੀ ਕੋਈ ਸਿਆਸੀ ਮੁੱਦਾ ਖੜ੍ਹਾ ਹੁੰਦਾ ਹੈ, ਇਹ ਲੋਕ ਸਿਆਸੀ ਲੋਕਾਂ ਦੀਆਂ ਲੱਤਾਂ ਨੂੰ ਹੱਥ ਪਾ ਲੈਂਦੇ ਹਨ, ਖਿੱਚਣ ਲਈ। ਹੁਣ ਇਹ ਕਹਿੰਦੇ ਹਨ ਕਿ, ਅਕਾਲੀ ਕਾਂਗਰਸੀ ਇੱਕੋ ਥੈਲੀ ਦੇ ਚੱਟੇ ਬੱਟੇ ਹਨ, ਇਹ ਲੋਕ ਵਿਖ਼ਾਵੇ ਅਤੇ ਜਨਤਾ ਨੂੰ ਮੂਰਖ ਬਨਾਉਣ ਲਈ ਹੀ ਆਪਸ ਵਿੱਚ ਲੜਦੇ ਝਗੜਦੇ ਹਨ ਜਦਕਿ, ਅੰਦਰੋਂ ਇਹ ਆਪਸ ਵਿੱਚ ਪੂਰੀ ਤਰ੍ਹਾਂ ਘਿਓ ਖਿਚੜੀ ਹਨ।

ਦੋਸਤੋ, ਚਲੋ ਛੱਡੋ ਵਿਅੰਗਕਾਰਾਂ ਤੇ ਅਲੋਚਕਾਂ ਦੀਆਂ ਗੱਲਾਂ ਨੂੰ ਵੀ, ਨਾਲੇ ਅਸੀਂ ਕੀ ਲੈਣਾ ਕਿ, ਇਹ ਘਿਓ ਖਿਚੜੀ ਹਨ ਜਾਂ ਨਹੀਂ, ਅਸੀਂ ਤਾਂ ਉਹੀ ਗੱਲ ਕਰਾਂਗੇ ਜਿਹੜੀ ਸਾਨੂੰ ਨੰਗੀ ਅੱਖ ਨਾਲ ਨਜ਼ਰ ਆ ਰਹੀ ਹੈ। ਅੰਦਰਲੀ ਗੱਲ ਤਾਂ ਪਤਾ ਨਹੀਂ ਪਰ, ਉਕਤ ਐਕਟ ਦੇ ਤਹਿਤ ਪਿਛਲੇ ਸਮੇਂ ਦੇ ਦੌਰਾਨ ਸੂਬੇ ਵਿੱਚ ਹੋਈਆਂ, ਗ੍ਰਿਫ਼ਤਾਰੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੰਗਾ ਪੇਚਾ ਪੈ ਗਿਆ ਹੈ।

ਖ਼ਬਰਾਂ ਆ ਰਹੀਆਂ ਹਨ ਕਿ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਨੂੰ ਇੰਦਰਾ ਗਾਂਧੀ ਵਾਲੇ ਰਾਹ ਪੈਣ ਦਾ ਮਿਹਣਾ ਮਾਰੇ ਜਾਣ ਮਗਰੋਂ ਕਾਂਗਰਸੀਆਂ ਦਾ ਪਾਰਾ ਚੜ ਗਿਆ ਹੈ। ਅਕਾਲੀਆਂ ਦੇ ਉਕਤ ਇਲਜ਼ਾਮ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਬੂਤਾਂ ਤੇ ਤੱਥਾਂ ਦੇ ਅਧਾਰ ਤੇ ਜਵਾਬੀ ਹਮਲਾ ਕਰਦਿਆਂ ਇੱਥੋਂ ਤੱਕ ਵੀ ਆਖ ਦਿੱਤਾ ਕਿ, ਸਿੱਖ ਨੌਜਵਾਨਾਂ ਖ਼ਿਲਾਫ਼ ਯੂ.ਏ.ਪੀ.ਏ. ਦੀ ਦੁਰਵਰਤੋਂ ਸਭ ਤੋਂ ਵੱਧ ਅਕਾਲੀ ਦਲ-ਬੀ.ਜੇ.ਪੀ. ਦੇ ਰਾਜ ਵਿੱਚ ਹੋਈ ਸੀ।

ਦੋਸਤੋ, ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ, ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਯੂ.ਏ.ਪੀ.ਏ. ਦੇ ਤਹਿਤ ਕਈ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦਾ ਕਿ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਵੀ ਗੰਭੀਰ ਨੋਟਿਸ ਲੈਂਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਕੇਸਾਂ ਦੀ ਪੈਰਵਾਈ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ। ਖ਼ਬਰਾਂ ਅਨੁਸਾਰ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਨੇ ਇਹ ਮਾਮਲਾ ਚੁੱਕਿਆ ਹੈ। ਮੁੱਕਦੀ ਗੱਲ, ਉਕਤ ਮਾਮਲੇ ਤੇ ਅਕਾਲੀ ਤੇ ਕਾਂਗਰਸੀ, ਇੱਕ-ਦੂਜੇ ਦੇ ਆਹਮੋ ਸਾਹਮਣੇ ਆ ਗਏ ਹਨ, ਇੱਕ-ਦੂਜੇ ਦੀ ਦੱਬ ਕੇ ਅਲੋਚਨਾ ਕਰਨ ਦੇ ਨਾਲ-ਨਾਲ, ਇੱਕ-ਦੂਜੇ ਤੇ ਦੋਹੀਂ ਹੱਥੀਂ ਚਿੱਕੜ ਉਛਾਲ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।