ਕੰਪਨੀ ਤੋਂ 11.55 ਕਰੋੜ ਦਾ ਕੰਮ ਲਿਆ ਵਾਪਸ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 31 2020 18:12
Reading time: 1 min, 36 secs

ਸਰਕਾਰ ਵੱਲੋਂ ਸ਼ਹਿਰੀ ਵਿਕਾਸ ਦੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀ ਮੁਹਿੰਮ ਤਹਿਤ ਨਗਰ ਨਿਗਮ ਅਬੋਹਰ ਵੱਲੋਂ ਹੌਲੀ ਰਫ਼ਤਾਰ ਨਾਲ ਕੰਮ ਕਰ ਰਹੀ ਇੱਕ ਕੰਪਨੀ ਤੋਂ 11.55 ਕਰੋੜ ਰੁਪਏ ਦਾ ਕੰਮ ਵਾਪਸ ਲੈ ਲਿਆ ਗਿਆ ਹੈ। ਇਹ ਬਕਾਇਆ ਕੰਮ ਜਲਦੀ ਕਰਵਾਉਣ ਲਈ ਨਿਗਮ ਵੱਲੋਂ ਨਵੇਂ ਟੈਂਡਰ ਵੀ ਸੱਦ ਲਏ ਗਏ ਹਨ ਜੋ ਕਿ 20 ਅਗਸਤ 2020 ਨੂੰ ਖੁੱਲਣਗੇ। ਇਹ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਸ੍ਰੀ ਅਭਿਜੀਤ ਕਪਲਿਸ਼ ਆਈ.ਏ.ਐਸ. ਨੇ ਦਿੱਤੀ ਹੈ।

ਕਮਿਸ਼ਨਰ ਨਗਰ ਨਿਗਮ ਸ੍ਰੀ ਅਭਿਜੀਤ ਕਪਲਿਸ਼ ਆਈ.ਏ.ਐਸ. ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ 2016 ਵਿੱਚ 119.16 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਬੋਹਰ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਟੈਂਡਰ ਅਲਾਟ ਕੀਤਾ ਗਿਆ ਸੀ। ਇਸ ਵਿੱਚ ਜਲ ਸਪਲਾਈ, ਸੀਵਰੇਜ, ਸੜਕਾਂ, ਵਾਟਰ ਵਰਕਸ ਆਦਿ ਨਾਲ ਸਬੰਧਤ ਕੰਮ ਸ਼ਾਮਿਲ ਸਨ। ਪਰ ਸਬੰਧਤ ਕੰਪਨੀ ਵੱਲੋਂ ਕੰਮਾਂ ਦੀ ਰਫ਼ਤਾਰ ਬਹੁਤ ਘੱਟ ਸੀ ਅਤੇ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਨਹੀਂ ਸੀ।

ਉਨ੍ਹਾਂ ਨੇ ਦੱਸਿਆ ਕਿ ਉਕਤ ਵਿੱਚ 24 ਕਰੋੜ ਦੇ ਕੰਮ ਸਿਰਫ ਸੜਕਾਂ ਨਾਲ ਸਬੰਧਤ ਸਨ। ਜਿਸ ਵਿੱਚੋਂ ਉਕਤ ਕੰਪਨੀ ਨੇ ਕੁਝ ਕੰਮ ਕਰ ਲਿਆ ਸੀ ਪਰ ਬਕਾਇਆ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਕੰਪਨੀ ਰੁਚੀ ਨਹੀਂ ਲੈ ਰਹੀ ਸੀ। ਜਿਸ ਕਰਕੇ ਨਿਗਮ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਕਤ ਕੰਪਨੀ ਤੋਂ 11.55 ਕਰੋੜ ਦੇ ਕੰਮ ਵਾਪਸ ਲੈ ਕੇ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਟੈਂਡਰ ਕਾਲ ਕਰ ਲਏ ਹਨ।

ਕਮਿਸ਼ਨਰ ਨੇ ਦੱਸਿਆ ਕਿ ਉਕਤ ਕੰਮਾਂ ਵਿੱਚ ਪੰਜਪੀਰ ਟਿੱਬਾ, ਨਿਊ ਧਰਮ ਨਗਰੀ, ਬਾਬਾ ਦੀਪ ਸਿੰਘ ਨਗਰ, ਗੁਰੂ ਿਪਾ ਨਗਰ ਅਤੇ ਗੰਗਾਨਗਰ ਰੋਡ ਦੀਆਂ ਬ੍ਰਾਂਚਾਂ ਦੀਆਂ ਸੜਕਾਂ ਦੇ ਕੰਮ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇਸਦਾ ਉਦੇਸ਼ ਹੈ ਕਿ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਛੇਤੀ ਹੱਲ ਹੋਵੇ ਅਤੇ ਬਕਾਇਆ ਸੜਕਾਂ ਨੂੰ ਛੇਤੀ ਤੋਂ ਛੇਤੀ ਬਣਾ ਕੇ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੇ ਬਕਾਇਆ ਕੰਮਾਂ ਨੂੰ ਤੈਅ ਨੇਮਾਂ ਅਨੁਸਾਰ ਕਰਨ ਵਿੱਚ ਜੋ ਵੀ ਕੁਤਾਹੀ ਕਰੇਗਾ ਨਿਗਮ ਉਸ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਇਸ ਮੌਕੇ ਸੀਵਰੇਜ ਬੋਰਡ ਦੇ ਅਧਿਕਾਰ ਸ੍ਰੀ ਜੁਗਲ ਕਿਸ਼ੋਰ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਸ਼ਹਿਰ ਦੇ ਬਕਾਇਆ ਕੰਮ ਛੇਤੀ ਪੂਰੇ ਹੋਣ ਦਾ ਰਾਹ ਖੁੱਲ ਗਿਆ ਹੈ।