ਸੰਘਰਸ਼ਸ਼ੀਲ ਲੋਕਾਂ ਦੇ ਕੱਢੇ ਐਸਡੀਐਮ ਨੇ ਵਾਰੰਟ, ਕਿਸਾਨਾਂ ਮਜ਼ਦੂਰਾਂ ਨੇ ਕੀਤੀ ਖੇਡ ਮੰਤਰੀ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ

Last Updated: Jul 31 2020 17:31
Reading time: 1 min, 22 secs

ਕਸਬਾ ਗੁਰੂਹਰਸਹਾਏ ਦੇ ਐਸਡੀਐਮ ਗੁਰੂਹਰਸਹਾਏ ਵੱਲੋਂ ਪਿੰਡ ਬਾਜੇਕੇ ਦੇ ਸੰਘਰਸ਼ਸ਼ੀਲ ਲੋਕਾਂ ਦੇ ਧਾਰਾ 107/150 ਅਧੀਨ ਵਾਰੰਟ ਕੱਢਣ ਦੇ ਰੋਸ ਵਜੋਂ ਬਾਜੇਕੇ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਦਾ ਵੱਡਾ ਵਫਦ ਐਸ ਡੀ ਐਮ ਗੁਰੂਹਰਸਹਾਏ ਨੂੰ ਮਿਲਣ ਪੁੱਜਾ। ਦਫਤਰ ਵਿੱਚ ਕੋਈ ਵੀ ਅਧਿਕਾਰੀ ਨਾ ਮਿਲਣ ਤੇ ਇਕੱਤਰ ਲੋਕਾਂ ਵੱਲੋਂ ਖੇਡ ਮੰਤਰੀ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਮਹਿਮਾ ਨੇ ਦੋਸ਼ ਲਗਾਉਂਦਿਆਂ ਹੋਇਆਂ ਦੱਸਿਆ ਕਿ ਖੇਡ ਮੰਤਰੀ ਦੇ ਥਾਪੜੇ ਸਦਕਾ ਗੁੰਡਾਗਰਦੀ ਕਰਨ ਵਾਲੇ ਕਸ਼ਮੀਰ ਲਾਲ ਬਾਜੇਕੇ ਵੱਲੋਂ ਹਾਕਮ ਚੰਦ ਦੀ ਢਾਹੀ ਗਈ ਦੁਕਾਨ ਅਤੇ ਪਲਾਟ ਵਾਪਸ ਦਵਾਉਣ ਦੇ ਵਾਅਦੇ ਤੋਂ ਮੁਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਨੰਗੇ ਚਿੱਟੇ ਤੌਰ ਤੇ ਸਰਪੰਚ ਕਸ਼ਮੀਰ ਲਾਲ ਦੇ ਪੱਖ ਵਿੱਚ ਖੜਨ ਦਾ ਫੈਸਲਾ ਲੈ ਲਿਆ ਹੈ।

ਜਿਸਦੇ ਚੱਲਦਿਆਂ ਹੱਕਾਂ ਲਈ ਲੜਨ ਵਾਲੇ ਲੋਕਾਂ ਦੀ ਜੁਬਾਨਬੰਦੀ ਕਰਨ ਲਈ ਪਿੰਡ ਬਾਜੇਕੇ ਦੇ 29 ਦੇ ਕਰੀਬ ਪੀੜਤ ਲੋਕਾਂ ਅਤੇ ਪਿੰਡ ਵਾਲਿਆਂ ਉਪਰ ਝੂਠੀਆਂ ਧਾਰਾਵਾਂ ਲਗਾ ਕੇ ਜ਼ਮਾਨਤਾਂ ਕਰਵਾਉਣ ਲਈ ਸੰਮਨ ਕੱਢੇ ਗਏ ਹਨ। ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਕਨਵੀਨਰ ਜੈਲ ਸਿੰਘ ਨੇ ਕਿਹਾ ਕਿ ਧਾਰਾ 307, 326, 452 ਅਤੇ ਅਸਲਾ ਐਕਟ ਸਮੇਤ ਹੋਰ ਸੰਗੀਨ ਧਰਾਵਾਂ ਤਹਿਤ ਦੋਸ਼ੀ ਕਸ਼ਮੀਰ ਲਾਲ ਨੂੰ ਗ੍ਰਿਫ਼ਤਾਰ ਕਰਕੇ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਜੱਥੇਬੰਦਕ ਲੋਕਾਂ ਉੱਪਰ ਝੂਠੇ ਪਰਚੇ ਪਾਉਣਾ ਦਰਸਾਉਂਦਾ ਹੈ ਕਿ ਕਿਵੇਂ ਪੁਲਿਸ ਤੇ ਸਿਵਲ ਪ੍ਰਸ਼ਾਸਨ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਹੱਥ ਠੋਕਾ ਬਣ ਕੇ ਦੋਸ਼ੀ ਕਸ਼ਮੀਰ ਲਾਲ ਨੂੰ ਹੋਰ ਗੁੰਡਾਗਰਦੀ ਦੀ ਖੁੱਲ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ, ਸਿਆਸੀ ਅਤੇ ਗੁੰਡਿਆਂ ਦੇ ਇਸ ਗੱਠਜੋੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਸਾਡੇ ਕਿਸੇ ਵੀ ਆਗੂ ਜਾਂ ਵਰਕਰ ਤੇ ਕੋਈ ਝੂਠਾ ਕੇਸ ਮੜਿਆ ਤਾਂ ਜੱਥੇਬੰਦੀਆਂ ਐਸ ਡੀ ਐਮ ਗੁਰੂਹਰਸਾਹਾਏ ਦਾ ਘਿਰਾਓ ਕਰਨਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।