ਕੋਵਿਡ-19 ਦਾ ਟੈਸਟ ਕਰਵਾਉਣ ਵਿੱਚ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ- ਚੇਅਰਮੈਨ ਚੀਮਾ

Last Updated: Jul 31 2020 15:50
Reading time: 1 min, 26 secs

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਟੈਸਟ ਕਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ। ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੀਆਂ ਮੈਡੀਕਲ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਜ਼ਾਰਾਂ ਵਿੱਚ ਜਾ ਕੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਕੋਵਿਡ ਪਾਜ਼ੀਟਿਵ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕੇ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਟੈਸਟਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਵਿਅਕਤੀਆਂ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ ਪਰ ਟੈਸਟ ਹੋਣ 'ਤੇ ਉਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੁੰਦੀ ਹੈ। 

ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀਆਂ ਦਾ ਟੈਸਟ ਨਾ ਕੀਤਾ ਜਾਵੇ ਤਾਂ ਇਹ ਇਸ ਬਿਮਾਰੀ ਨੂੰ ਅੱਗੇ ਫੈਲਾਉਣ ਦਾ ਕਾਰਨ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਵਿੱਚ ਬਿਮਾਰੀ ਦਾ ਕੋਈ ਲੱਛਣ ਹੁੰਦਾ ਹੈ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਕੀਤਾ ਜਾਂਦਾ ਹੈ ਅਤੇ ਜਿਹੜੇ ਮਰੀਜ਼ਾਂ ਵਿੱਚ ਕੋਈ ਲੱਛਣ ਨਹੀਂ ਹੈ ਉਨ੍ਹਾਂ ਨੂੰ ਸ਼ਰਤਾਂ ਤਹਿਤ ਘਰ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਹੈ।

ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ ਦੇ ਕੀਤੇ ਜਾ ਰਹੇ ਟੈਸਟਾਂ ਵਿੱਚ ਹਰ ਕਿਸੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ ਉੱਪਰ ਨਹੀਂ ਜਾਣਾ ਚਾਹੀਦਾ ਅਤੇ ਦੂਸਰੇ ਵਿਅਕਤੀ ਤੋਂ ਘੱਟੋ-ਘੱਟ 6 ਫੁੱਟ ਦਾ ਫਾਸਲਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਰ-ਬਾਰ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ। ਸ. ਚੀਮਾ ਨੇ ਕਿਹਾ ਕਿ ਅਜਿਹੀਆਂ ਸਾਵਧਾਨੀਆਂ ਵਰਤ ਕੇ ਮਿਸ਼ਨ ਫ਼ਤਿਹ ਨੂੰ ਜਲਦੀ ਫ਼ਤਿਹ ਕੀਤਾ ਜਾ ਸਕਦਾ ਹੈ।