141 ਕਰੋੜ ਰੁਪਏ ਖ਼ਰਚ ਕੇ ਬਟਾਲਾ ਸ਼ਹਿਰ ਦੀ 100 ਫ਼ੀਸਦੀ ਵਸੋਂ ਨੂੰ ਸੀਵਰੇਜ ਅਤੇ ਜਲ-ਸਪਲਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ: ਰਾਜਕਮਲ

Last Updated: Jul 31 2020 15:46
Reading time: 2 mins, 0 secs

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਤਿਹਾਸਕ ਸ਼ਹਿਰ ਬਟਾਲਾ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਵੱਲੋਂ ਅਮੂਰਤ ਯੋਜਨਾ ਤਹਿਤ 141 ਕਰੋੜ ਰੁਪਏ ਖ਼ਰਚ ਕੇ ਬਟਾਲਾ ਸ਼ਹਿਰ ਦੀ 100 ਫ਼ੀਸਦੀ ਵਸੋਂ ਨੂੰ ਸੀਵਰੇਜ ਅਤੇ ਜਲ-ਸਪਲਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਪ੍ਰਗਟਾਵਾ ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਸ. ਰਾਜਕਮਲ ਪ੍ਰੀਤ ਸਿੰਘ ਨੇ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਤੇ ਵਾਟਰ ਸਪਲਾਈ ਦੇ ਪ੍ਰੋਜੈਕਟ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਸ. ਰਾਜਕਮਲ ਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਕੋਰੋਨਾ ਵਾਇਰਸ ਦੇ ਚੱਲਦਿਆਂ ਜਨ-ਜੀਵਨ ਪ੍ਰਭਾਵਿਤ ਹੋਇਆ ਹੈ ਪਰ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਦੀ ਗਤੀ ਉੱਪਰ ਫ਼ਰਕ ਨਹੀਂ ਪੈਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਇਸ ਵਕਾਰੀ ਪ੍ਰੋਜੈਕਟ ਦੀ ਮਹੱਤਤਾ ਨੂੰ ਸਮਝਦੇ ਹੋਏ ਸਰਕਾਰ ਵੱਲੋਂ ਕੋਰੋਨਾ ਦੌਰ ਵਿੱਚ ਵੀ ਪੂਰੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਸੀਵਰੇਜ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਸ. ਰਾਜਕਮਲ ਪ੍ਰੀਤ ਸਿੰਘ ਨੇ ਦੱਸਿਆ ਕਿ ਅਮੂਰਤ ਯੋਜਨਾ ਤਹਿਤ ਬਟਾਲਾ ਵਿਖੇ ਸੀਵਰੇਜ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਉੱਪਰ 127.99 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਜਦਕਿ 13.09 ਕਰੋੜ ਰੁਪਏ ਦੀ ਲਾਗਤ ਨਾਲ ਜਲ-ਸਪਲਾਈ ਯੋਜਨਾ ਉੱਪਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 135 ਕਿੱਲੋਮੀਟਰ ਬਰਾਂਚ ਸੀਵਰੇਜ ਪਾਈਪਾਂ ਪਾਈਆਂ ਜਾ ਰਹੀਆਂ ਹਨ ਜਦਕਿ ਮੇਨ ਸੀਵਰੇਜ ਲਾਈਨ 24 ਕਿੱਲੋਮੀਟਰ ਲੰਮੀ ਪਾਈ ਜਾ ਰਹੀ ਹੈ। ਇਸੇ ਤਰ੍ਹਾਂ ਵਾਟਰ ਸਪਲਾਈ ਦੀਆਂ 22.6 ਕਿੱਲੋਮੀਟਰ ਲਾਈਨਾਂ ਪਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਬਟਾਲਾ ਸ਼ਹਿਰ ਵਿੱਚ 12 ਹਜ਼ਾਰ ਦੇ ਕਰੀਬ ਸੀਵਰੇਜ ਦੇ ਕੁਨੈਕਸ਼ਨ ਹਨ ਅਤੇ 9500 ਕੁਨੈਕਸ਼ਨ ਜਲ ਸਪਲਾਈ ਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ 30 ਟਿਊਬਵੈਲ ਪੰਪਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਪੰਪਾਂ ਵਿੱਚ 6 ਨੂੰ ਨਵੇਂ ਸਿਰੇ ਤੋਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਮੂਰਤ ਯੋਜਨਾ ਮੁਕੰਮਲ ਹੋਣ ਉਪਰੰਤ ਸੀਵਰੇਜ ਅਤੇ ਜਲ-ਸਪਲਾਈ ਦੇ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ।

ਵਾਈਸ ਚੇਅਰਮੈਨ ਸ. ਰਾਜਕਮਲ ਪ੍ਰੀਤ ਸਿੰਘ ਨੇ ਅਮੂਰਤ ਯੋਜਨਾ ਤਹਿਤ ਚੱਲ ਰਹੇ ਕੰਮ ਦੀ ਪ੍ਰਗਤੀ ਉੱਪਰ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਤਹਿ ਸਮੇਂ ਅੰਦਰ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਮ ਦੀ ਗੁਣਵੱਤਾ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ ਅਤੇ ਜੇਕਰ ਫਿਰ ਵੀ ਕਿਸੇ ਸ਼ਹਿਰ ਵਾਸੀ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਨ੍ਹਾਂ ਕੋਲ ਪਹੁੰਚ ਕਰ ਸਕਦਾ ਹੈ ਜਾਂ ਉਨ੍ਹਾਂ ਦੀ ਈ-ਮੇਲ ਆਈ.ਡੀ. srv.chairman.pwssb@punjab.gov.in ਉੱਪਰ ਆਪਣੀ ਸ਼ਿਕਾਇਤ ਭੇਜ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇਗਾ ਅਤੇ ਨਿਯਮਾਂ ਦੇ ਖ਼ਿਲਾਫ਼ ਜਾਣ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਓ. ਸੀਵਰੇਜ ਬੋਰਡ ਗੁਰਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਜਸਵਿੰਦਰ ਬਾਵਾ ਅੰਮ੍ਰਿਤਸਰ ਵੀ ਮੌਜੂਦ ਸਨ।